ਅੰਮ੍ਰਿਤਧਾਰੀ ਬੀਬੀ ਨੂੰ ਜੱਜ ਦੀ ਪ੍ਰੀਖਿਆ ‘ਚ ਜਾਣ ਤੋਂ ਰੋਕਣਾ ਵਿਤਕਰੇ ਪੂਰਨ ਹੈ: ਬਾਬਾ ਬਲਬੀਰ ਸਿੰਘ
ਅੰਮ੍ਰਿਤਧਾਰੀ ਸਿੱਖ ਕਕਾਰ ਸਰੀਰ ਤੋਂ ਅੱਡ ਨਹੀਂ ਕਰ ਸਕਦੇ ਸਰਕਾਰਾਂ ਤੇ ਪ੍ਰਸ਼ਾਸਨ ਸਮਝਣ
ਅੰਮ੍ਰਿਤਸਰ:- 27 ਜੁਲਾਈ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਰਾਜਿਸਥਾਨ ਵਿੱਚ ਸਿਵਲ ਜੱਜ ਦੀ ਪ੍ਰਿਖਿਆ ਸਮੇਂ ਬੀਬੀ ਗੁਰਪ੍ਰੀਤ ਕੌਰ ਨੂੰ ਸਿੱਖ ਕਕਾਰ ਪਹਿਨੇ ਹੋਣ ਕਾਰਨ ਦਾਖਲ ਹੋਣ ਤੋਂ ਰੋਕਣ ਤੇ ਸਖ਼ਤ ਇਤਰਾਜ ਜਤਾਉਂਦਿਆਂ ਕਿਹਾ ਕਿ ਸਿੱਖਾਂ ਨਾਲ ਅਜਿਹਾ ਵਿਤਕਰਾ ਸਹਿਣਯੋਗ ਨਹੀਂ ਹੈ ਅਤੇ ਨਾ ਹੀ ਸੰਵਿਧਾਨ ਅਜਿਹਾ ਕਰਨ ਦੀ ਆਗਿਆ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਕਾਰ ਧਾਰਨ ਕਰਨ ਤੋਂ ਰੋਕਨਾ ਜਿਥੇ ਬੇਇਨਸਾਫੀ ਹੈ ਉਥੇ ਸਿੱਖਾਂ ਦੀ ਮਾਨਸਿਕਤਾ ਨੂੰ ਭਾਰੀ ਸਟ ਮਾਰਨ ਦੀਆਂ ਇਹ ਕੋਝੀਆਂ ਹਰਕਤਾਂ ਹਨ। ਉਨ੍ਹਾਂ ਕਿਹਾ ਤਰਨਤਾਰਨ ਜਿਲ੍ਹੇ ਦੀ ਬੱਚੀ ਗੁਰਪ੍ਰੀਤ ਕੌਰ ਗੁਰਸਿੱਖ ਪ੍ਰੀਵਾਰ ਦੀ ਅੰਮ੍ਰਿਤਧਾਰੀ ਮੈਂਬਰ ਹੈ। ਉਹ ਜੈਪੁਰ ਵਿਚ ਰਾਜਸਥਾਨ ਹਾਈਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਸੀ ਪਰ ਅੰਮ੍ਰਿਤਧਾਰੀ ਹੋਣ ਕਾਰਨ ਉਸ ਨੂੰ ਇਮਤਿਹਾਨ ਵਿੱਚ ਜਾਣ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕੇਂਦਰ ਸਰਕਾਰ ਅਤੇ ਰਾਜਿਸਥਾਨ ਸਰਕਾਰ ਨੂੰ ਵੀ ਇਸ ਵਿਤਕਰੇ ਪੂਰਨ ਵਿਵਹਾਰ ਨੂੰ ਰੋਕਣ ਅਤੇ ਗੁਰਪ੍ਰੀਤ ਕੌਰ ਨੂੰ ਮੁੜ ਏਸੇ ਪ੍ਰਿਖਿਆ ਵਿਚ ਦਾਖਲ ਹੋਣ ਦੀ ਆਗਿਆ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਹ ਮਾਮਲਾ ਸੰਵੇਦਨਸ਼ੀਲ ਤੇ ਗੰਭੀਰ ਹੈ। ਇਸ ਤਰ੍ਹਾਂ ਦਾ ਸਲੂਕ ਸਿੱਖਾਂ ਅੰਦਰ ਰੋਸ ਤੇ ਰੋਹ ਪੈਦਾ ਕਰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੇ ਬਖਸ਼ੇ ਕਰਾਰ ਸਿੱਖ ਆਪਣੇ ਨਾਲੋਂ ਅੱਡ ਨਹੀਂ ਕਰ ਸਕਦਾ ਅਤੇ ਨਾ ਹੀ ਉਸ ਨੂੰ ਮਜਬੂਰ ਕੀਤਾ ਜਾ ਸਕਦਾ।