ਅਕਾਲੀ ਦਲ ਵੱਲੋਂ ਗਮਾਡਾ ਤੇ ਹਾਊਸਿੰਗ ਬੋਰਡ ਦੇ ਸਮੂਹ ਅਧਿਕਾਰ ਚੀਫ ਸੈਕਟਰੀ ਨੂੰ ਦੇਣ ਦਾ ਵਿਰੋਧ
ਅਸ਼ੋਕ ਵਰਮਾ
ਭਗਤਾ ਭਾਈ, 22 ਜੂਨ 2025 : ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਸਰਕਾਰ ਵੱਲੋ ਚੀਫ ਸੈਕਟਰੀ ਨੂੰ ਗਮਾਡਾ ਅਤੇ ਹਾਊਸਿੰਗ ਬੋਰਡ ਚੇਅਰਮੈਨ ਲਾਉਣ ਦਾ ਵਿਰੋਧ ਕੀਤਾ ਹੈ । ਸਿਕੰਦਰ ਸਿੰਘ ਮਲੂਕਾ ਤਰਫੋਂ ਮੀਡੀਆ ਇੰਚਾਰਜ ਰਤਨ ਸ਼ਰਮਾ ਨੇ ਪ੍ਰੈਸ ਬਿਆਨ ਜਾਰੀ ਕੀਤਾ ਹੈ। ਪ੍ਰੈਸ ਬਿਆਨ ਰਾਹੀਂ ਮਲੂਕਾ ਨੇ ਇਸ ਫੈਸਲੇ ਨੂੰ ਅਸਿੱਧੇ ਰੂਪ ਚ ਦਿੱਲੀ ਦਾ ਕਬਜਾ ਕਰਵਾਉਣ ਵਾਲਾ ਦੱਸਿਆ ਹੈ ਮਲੂਕਾ ਨੇ ਕਿਹਾ ਕਿ ਮੰਤਰੀ ਮੰਡਲ ਨੇ 1995 ਦੇ ਐਕਟ ਨਾਲ ਗੈਰ ਜ਼ਰੂਰੀ ਛੇੜ ਛਾੜ ਕਰ ਮੁੱਖ ਮੰਤਰੀ ਤੋਂ ਸਾਰੇ ਅਧਿਕਾਰ ਖੋ ਲਏ ਹਨ।
ਖਜਾਨਾ ਮੰਤਰੀ ਦਾ ਇਸ ਬਾਰੇ ਮੁੱਖ ਮੰਤਰੀ ਦੇ ਰੁਝੇਵਿਆਂ ਵਾਰੇ ਬਿਆਨ ਹਾਸੋ ਹੀਣਾ ਤੇ ਸੱਚਾਈ ਤੋਂ ਕੋਹਾਂ ਦੂਰ ਹੈ ਕਿਉਂਕ ਕਿਸੇ ਵੀ ਸੂਬੇ ਦੇ ਚੀਫ ਸਕੱਤਰ ਦੇ ਰੁਝੇਵੇਂ ਮੁੱਖ ਮੰਤਰੀ ਤੋਂ ਵੀ ਜ਼ਿਆਦਾ ਹੁੰਦੇ ਹਨ । ਉਹਨਾਂ ਕਿਹਾ ਕਿ ਗਮਾਡਾ ਤੇ ਹਾਊਸਿੰਗ ਬੋਰਡ ਅਹਿਮ ਅਦਾਰੇ ਹਨ ਅਤੇ ਕਈ ਦਹਾਕਿਆ ਤੋਂ ਮੁੱਖ ਮੰਤਰੀ ਚੇਅਰਮੈਨ ਅਤੇ ਮਹਿਕਮੇ ਦਾ ਮੰਤਰੀ ਵਾਈਸ ਚੇਅਰਮੈਨ ਵੱਜੋ ਇਹ ਜੁੰਮੇਵਾਰੀ ਨਿਭਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਜਿਸ ਮਹਿਕਮੇ ਦਾ ਸਿੱਧਾ ਵਾਸਤਾ ਕਿਸਾਨਾਂ ਤੇ ਆਮ ਲੋਕਾਂ ਨਾਲ ਹੋਵੇ ਅਜਿਹੇ ਮਹਿਕਮੇ ਨੂੰ ਅਧਿਕਾਰੀਆਂ ਹੱਥ ਦੇਣਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਰਾਹੀਂ ਦਿੱਲੀ ਦਾ ਆਪਣੇ ਚਹੇਤੇ ਅਧਿਕਾਰੀ ਰਾਹੀਂ ਸਾਰੇ ਅਧਾਰੇ ਤੇ ਸਿੱਧਾ ਕਬਜਾ ਹੋ ਜਾਵੇਗਾ ਤੇ ਉਹ ਸੂਬੇ ਦੀ ਆਰਥਿਕ ਲੁੱਟ ਕਰਨਗੇ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਮੁੱਖ ਮੰਤਰੀ ਨੂੰ ਇੱਕ ਤਰ੍ਹਾਂ ਨਾਲ ਵਿਹਲਾ ਕਰ ਦਿੱਤਾ ਗਿਆ ਹੈ।