ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਦਰਿਆ ਵਾਂਗ ਖ਼ਾਮੋਸ਼
ਸ਼ਾਂਤ ਜੇਹਾ ਵਹਿੰਦਾ ਹੈ,
ਜੀਹਦੀ ਬਲਦਾਂ ਨੂੰ
ਮਾਰੀ ਟੁਚਕਰ ਨਾਲ
ਬੱਦਲ਼ ਤੱਕ ਰੁਕ ਜਾਂਦੇ ਸੀ
ਪਰ ਹੁਣ; ਜਿੱਥੇ ਵੀ ਬਹਿੰਦਾ
ਗੁੰਮ-ਸੁੰਮ ਹੀ ਬਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਤਿੱਤਰਾਂ ਬਟੇਰਿਆਂ ਦੇ ਨਾਲ
ਬੜੀ ਹੀ ਗੂੜ੍ਹੀ ਸਾਂਝ ਸੀ
ਛੋਲੇ,ਮੱਕੀਆਂ,ਬਾਜਰੇ,
ਨਰਮੇ-ਕਪਾਹਾਂ ਲਈ
ਬੜੀ ਹੀ ਡਾਢੀ ਤਾਂਘ ਸੀ;
ਕਦੇ ਸੋਕਿਆਂ ਨੇ ਡੋਬਿਆ
ਕਦੇ ਪਾਣੀਆਂ ਨੇ ਸਾੜਿਆ
ਹੁਣ ਤਾਂ . . .
ਬੁਝਿਆ-ਬੁਝਿਆ ਹੀ ਰਹਿੰਦਾ ਹੈ
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!
ਸੋਚਦਾ ਹੈ...
ਪਤਾ ਨਹੀਂ ਕਮਾਦਾਂ ਵਿੱਚ
ਜ਼ਹਿਰਾਂ ਕਿੱਥੋਂ ਆ ਗਈਆਂ?
ਪੰਜ ਪਾਣੀਆਂ ਦੇ ਦੇਸ਼ ਦੀਆਂ
ਨਹਿਰਾਂ ਕੀਹਨੇ ਖਾ ਲਈਆਂ??
ਪਤਾ ਨਹੀਂ
ਹਵਾਵਾਂ ਵਿੱਚੋਂ
ਮਹਿਕਾਂ ਕਿੱਥੇ ਮੋਈਆਂ ਨੇ???
"ਅੰਨਦਾਤਾ ਭੁੱਖਾ ਸੌਦਾਂ"
ਅਣਹੋਣੀਆਂ ਕਿੱਦਾਂ ਹੋਈਆਂ ਨੇ????
ਬੱਸ; ਸੋਚਦਿਆ-ਸੋਚਦਿਆਂ
ਇੱਕ ਲੰਮਾ ਸਾਂਹ ਲੈਂਦਾ ਹੈ
ਪੱਥਰ ਜੇਹਾ ਬਣ ਬਹਿੰਦਾ ਹੈ!!
ਅੱਜ ਕੱਲ੍ਹ ਉਹ
ਬੜਾ ਚੁੱਪ-ਚਾਪ ਰਹਿੰਦਾ ਹੈ!!
ਗਗਨਦੀਪ ਸਿੰਘ ਸੰਧੂ
(+917589431402)