ਨਵੀਂ ਸੜਕ ਪੁੱਟਣ ਤੋਂ ਗੁੱਸੇ ਵਿੱਚ ਆਏ ਹਲਕਾ ਵਿਧਾਇਕ, ਕਰਮਚਾਰੀ ਮੌਕੇ ਤੋਂ ਹੋਏ ਫਰਾਰ
ਦੋਰਾਹਾ, (ਰਵਿੰਦਰ ਸਿੰਘ ਢਿੱਲੋਂ)
ਦੋਰਾਹਾ ਛਾਉਣੀ ਰੋਡ ਤੋਂ ਰਾਮਪੁਰ ਪਿੰਡ ਤੱਕ ਸੜਕ, ਜੋ ਕਿ ਕੁਝ ਸਮਾਂ ਪਹਿਲਾਂ ਨਵੀਂ ਬਣਾਈ ਗਈ ਸੀ, ਅੱਜ ਇੱਕ ਕੰਪਨੀ ਵੱਲੋਂ ਤਾਰਾਂ ਵਿਛਾਉਣ ਲਈ ਪੁੱਟਿਆ ਜਾ ਰਿਹਾ ਸੀ। ਜਿਸ ਦੀ ਜਾਣਕਾਰੀ ਇੱਕ ਰਾਹਗੀਰ ਨੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਦਿੱਤੀ , ਜੋ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ।
ਇਸ ਮੌਕੇ 'ਤੇ ਬੋਲਦਿਆਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਲੋਕ ਇਸ ਸੜਕ ਦੇ ਨਿਰਮਾਣ ਦੀ ਮੰਗ ਕਰ ਰਹੇ ਸਨ, ਜੋ ਕਿ ਹਾਲ ਹੀ ਵਿੱਚ ਬਣਾਈ ਗਈ ਸੀ, ਪਰ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਕੰਪਨੀ ਨੇ ਜੇਸੀਬੀ ਨਾਲ ਸੜਕ ਪੁੱਟਣੀ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਚੱਲ ਰਹੇ ਕੰਮ ਨੂੰ ਰੋਕ ਦਿੱਤਾ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਸੀਕੋ ਕੰਪਨੀ ਸੜਕ ਪੁੱਟ ਰਹੀ ਹੈ ਅਤੇ ਤਾਰਾਂ ਵਿਛਾ ਰਹੀ ਹੈ। ਜਦੋਂ ਕੰਪਨੀ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਜਾਜ਼ਤ ਹੈ। ਵਿਧਾਇਕ ਮੌਕੇ 'ਤੇ ਪਹੁੰਚੇ ਅਤੇ ਕੰਮ ਦਾ ਨਿਰੀਖਣ ਕੀਤਾ।
ਜਦੋਂ ਰੋਕਿਆ ਗਿਆ ਤਾਂ ਕੰਪਨੀ ਦੇ ਕਰਮਚਾਰੀ ਮੌਕੇ ਤੋਂ ਭੱਜ ਗਏ। ਵਿਧਾਇਕ ਨੇ ਕਿਹਾ ਕਿ ਨਵੀਂ ਬਣੀ ਸੜਕ ਨੂੰ ਪੁੱਟਣ ਲਈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਅਤੇ ਸੜਕ ਬਣਨ ਤੋਂ ਬਾਅਦ ਕੰਮ ਨੂੰ ਮਨਜ਼ੂਰੀ ਦੇਣ ਵਾਲੇ ਅਧਿਕਾਰੀ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਿਰਪਾਲ ਸਿੰਘ ਨਾਲ ਮੌਕੇ 'ਤੇ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਹ ਕੰਪਨੀ ਦੀ ਗਲਤੀ ਸੀ ਕਿਉਂਕਿ ਵਿਭਾਗ ਨੇ ਸੜਕ ਬਣਾਉਣ ਤੋਂ ਪਹਿਲਾਂ ਤਾਰਾਂ ਵਿਛਾਉਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਕੰਪਨੀ ਨਵੀ ਸੜਕ ਨੂੰ ਪੁੱਟਣ ਤੋਂ ਬਾਅਦ ਤਾਰਾਂ ਵਿਛਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਮਾਮਲੇ ਦੀ ਜਾਂਚ ਕਰੇਗਾ ਅਤੇ ਢੁਕਵੀਂ ਕਾਨੂੰਨੀ ਕਾਰਵਾਈ ਕਰੇਗਾ।