ਬਰਫ਼ਬਾਰੀ: ਪਹਾੜਾਂ ਵਲ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਹਿਮਾਚਲ ਅਤੇ ਉੱਤਰਾਖੰਡ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨਵੀਂ ਦਿੱਲੀ, 29 ਦਸੰਬਰ, 2025 : ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਖੇਤਰਾਂ ਵਿੱਚ 30 ਦਸੰਬਰ ਦੀ ਰਾਤ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਰੋਹਤਾਂਗ ਪਾਸ, ਅਟਲ ਸੁਰੰਗ, ਸੋਲਾਂਗ ਨਾਲਾ ਅਤੇ ਲਾਹੌਲ-ਸਪਿਤੀ ਦੇ ਇਲਾਕਿਆਂ ਜਿਵੇਂ ਸਿਸੂ, ਕੇਲੋਂਗ ਤੇ ਕੋਕਸਰ ਵਿੱਚ ਆਮ ਨਾਲੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ।
ਜੇਕਰ ਤੁਸੀਂ ਇਸ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਬਰਫ਼ਬਾਰੀ ਦੇਖਣ ਦੀ ਉਮੀਦ ਲਗਾਈ ਬੈਠੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮੌਸਮ ਵਿਭਾਗ ਅਨੁਸਾਰ, ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਅਗਲੇ ਚਾਰ ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਮਨਾਲੀ ਵਿੱਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ, ਜਦਕਿ ਸ਼ਿਮਲਾ ਦੇ ਨਾਰਕੰਡਾ, ਕੁਫਰੀ ਟੌਪ ਅਤੇ ਚੰਸ਼ਾਲ ਵਿੱਚ ਵੀ ਬਰਫ਼ ਦੇ ਫੰਬੇ ਡਿੱਗਣ ਦੀ ਉਮੀਦ ਹੈ। ਉੱਤਰਾਖੰਡ ਵਿੱਚ 30 ਦਸੰਬਰ ਤੋਂ 2 ਜਨਵਰੀ ਦੇ ਦਰਮਿਆਨ ਮੌਸਮ ਵਿਗਿਆਨੀਆਂ ਨੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਮੁੱਖ ਤੌਰ 'ਤੇ ਉੱਤਰਕਾਸ਼ੀ, ਚਮੋਲੀ, ਪਿਥੌਰਾਗੜ੍ਹ ਅਤੇ ਰੁਦਰਪ੍ਰਯਾਗ ਦੇ ਉੱਚਾਈ ਵਾਲੇ ਹਿੱਸਿਆਂ ਵਿੱਚ ਬਰਫ਼ਬਾਰੀ ਹੋਵੇਗੀ। ਦੂਜੇ ਪਾਸੇ, ਨੈਨੀਤਾਲ, ਚੰਪਾਵਤ, ਹਰਿਦੁਆਰ ਅਤੇ ਦੇਹਰਾਦੂਨ ਵਰਗੇ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਠੰਢ ਹੋਰ ਵਧ ਸਕਦੀ ਹੈ।