ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ
ਬਿਜਲੀ ਸੋਧ ਬਿੱਲ, ਖੇਤੀ ਬੀਜ ਸੋਧ ਬਿੱਲ,ਚਾਰ ਲੇਬਰ ਕੋਡ,ਜੀ ਰਾਮ ਜੀ, ਨਿੱਜੀਕਰਨ ਵਿਰੁੱਧ ਕੀਤਾ ਰੋਹ ਦਾ ਪ੍ਰਗਟਾਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਦਸੰਬਰ,2025
ਅੱਜ ਸੰਯੁਕਤ ਕਿਸਾਨ ਮੋਰਚਾ,ਮਜ਼ਦੂਰ ਜਥਬੰਦੀਆਂ ਅਤੇ ਮੁਲਾਜ਼ਮ ਜਥਬੰਦੀਆਂ ਵਲੋਂ ਬਿਜਲੀ ਸੋਧ ਬਿੱਲ 2025, ਖੇਤੀ ਬੀਜ ਸੋਧ ਬਿੱਲ 2025,ਚਾਰ ਲੇਬਰ ਕੋਡਜ਼, ਜੀ ਰਾਮ ਜੀ ਅਤੇ ਨਿੱਜੀਕਰਨ ਦੇ ਵਿਰੁੱਧ ਇਲਾਕਾ ਨਵਾਂਸ਼ਹਿਰ ਵਿਚ ਟਰੈਕਟਰ- ਮੋਟਰ ਸਾਇਕਲ ਮਾਰਚ ਕੀਤਾ ਗਿਆ।ਇਹ ਮਾਰਚ ਲੰਗੜੋਆ ਬਾਈਪਾਸ ਤੋਂ ਸ਼ੁਰੂ ਹੋ ਕੇ ਨਵਾਂਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਪਿੰਡ ਅਸਮਾਨ ਪੁਰ ਵਿਖੇ ਸਮਾਪਤ ਹੋਇਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਕੁਲਵੀਰ ਸਿੰਘ,ਚਰਨਜੀਤ ਸਿੰਘ,ਕੁਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਦੌਲਤ ਪੁਰ, ਸਤਨਾਮ ਸਿੰਘ ਜਾਨੀਵਾਲ,ਰਣਜੀਤ ਸਿੰਘ, ਸਰਜੀਵਨ ਸਿੰਘ, ਬਲਵੀਰ ਸਿੰਘ,ਜਮਹੂਰੀ ਕਿਸਾਨ ਸਭਾ ਕਸ਼ਮੀਰ ਸਿੰਘ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿੰਘ ਭੰਗਲ, ਏਟਕ ਦੇ ਆਗੂ ਹਸਮਤ ਅਲੀ,ਇਫਟੂ ਦੇ ਸੂਬਾ ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ,ਪੈਨਸ਼ਨਰਜ਼ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੌੜਕਾ, ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਵਿਜੇ ਕੁਮਾਰ,ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ,ਰਾਮਆਸਰਾ , ਮਦਨ ਲਾਲ,ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੇ ਸੂਬਾ ਸਕੱਤਰ ਜਸਵਿੰਦਰ ਸਿੰਘ, ਜਗਤਾਰ ਸਿੰਘ ਪੁੰਨੂ ਮਜਾਰਾ, ਜਸਵਿੰਦਰ ਰਾਹੋਂ, ਗੁਰਿੰਦਰ ਰਾਹੋਂ,ਗੁਰਮੁਖ ਸਿੰਘ ਫਰਾਲਾ, ਜੁਗੀ ਫਰਾਲਾ,ਕੁਲਵਿੰਦਰ ਸਿੰਘ, ਟੀ ਐਸ ਯੂ (ਭੰਗਲ)ਦੇ ਸਰਕਲ ਪ੍ਰਧਾਨ ਨੰਦ ਲਾਲ,ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਹਰਪ੍ਰੀਤ ਸਿੰਘ , ਇਸਤਰੀ ਜਾਗਰਤੀ ਮੰਚ ਦੇ ਜਿਲਾ ਸਕੱਤਰ ਰੁਪਿੰਦਰ ਕੌਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਾਨਾਵਾ, ਜੇ ਪੀ ਐਮ ਓ ਦੇ ਆਗੂ ਸੁਰਿੰਦਰ ਭੱਟੀ ਰਾਹੋਂ, ਕਸ਼ਮੀਰ ਸਿੰਘ, ਪਰਮਿੰਦਰ ਸੰਧੂ, ਹਰਮੇਸ਼ ਲਾਲ, ਸ਼ਮਸ਼ੇਰ ਲਾਲ,ਸੀਟੂ ਦੇ ਆਗੂ ਸੁਖਦੇਵ ਸਿੰਘ,ਪੀ ਐੱਸ ਯੂ ਦੇ ਆਗੂ ਬਲਜੀਤ ਸਿੰਘ ਧਰਮਕੋਟ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ
ਕਿਹਾ ਕਿ ਬਿਜਲੀ ਸੋਧ ਬਿੱਲ ਅਤੇ ਖੇਤੀਬਾੜੀ ਬੀਜ ਸੋਧ ਬਿੱਲ ਦੋਵੇਂ ਬਿੱਲ ਕੇਂਦਰ ਸਰਕਾਰ ਤੁਰੰਤ ਰੱਦ ਕਰੇ l ਬਿਜਲੀ ਅਤੇ ਖੇਤੀਬਾੜੀ ਸੂਬੇ ਦੇ ਵਿਸ਼ੇ ਹਨ ਅਤੇ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ l ਇਹ ਦੋਵੇਂ ਬਿੱਲ ਸੂਬੇ ਦੇ ਅਧਿਕਾਰਾਂ ਤੇ ਡਾਕਾ ਹਨ l ਕੇਂਦਰ ਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਲਗਾਤਾਰ ਖੋਰਾ ਲਾ ਰਹੀ ਹੈ l ਬਿਜਲੀ ਬਿੱਲ ਦੇ ਕਨੂੰਨ ਬਣਨ ਨਾਲ਼ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋ ਜਾਵੇਗੀ, ਇਸੇ ਕਰਕੇ ਪੂਰੇ ਦੇਸ਼ ਵਿਚ ਸਮਾਰਟ ਮੀਟਰ ਲਾਉਣ ਦਾ ਅਮਲ ਜਾਰੀ ਹੈ l ਬਿਜਲੀ ਵੰਡ ਖੇਤਰ ਜਿਹੜਾ ਸਰਕਾਰੀ ਅਧਿਕਾਰ ਹੇਠ ਹੈ , ਪ੍ਰਾਈਵੇਟ ਹੱਥਾਂ ਵਿਚ ਚਲਾ ਜਾਵੇਗਾ l ਜਿਵੇਂ ਮੋਬਾਈਲ ਚਾਰਜ ਕਰਵਾਉਣ ਲਈ ਪੈਸੇ ਪਵਾਉਣੇ ਪੈਦੇ ਹਨ ਇਸੇ ਤਰ੍ਹਾਂ ਬਿਜਲੀ ਲੈਣ ਲਈ ਪੈਸੇ ਪਵਾਉਣੇ ਪੈਣਗੇ l ਪੈਸੇ ਖ਼ਤਮ, ਬਿਜਲੀ ਖ਼ਤਮ l ਬਿਜਲੀ ਦਾ ਕੇਂਦਰੀਕਰਨ ਹੋਵੇਗਾ, ਸਬਸਿਡੀਆਂ ਖ਼ਤਮ ਹੋਣਗੀਆਂ ਅਤੇ ਖਪਤਕਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋਵੇਗਾ l ਸਰਕਾਰੀ ਭਰਤੀਆਂ ਖ਼ਤਮ ਹੋ ਜਾਣਗੀਆਂ ਅਤੇ ਮੁਲਾਜ਼ਮਾਂ ਦੀ ਗਿਣਤੀ ਸੀਮਤ ਜੋ ਜਾਵੇਗੀ l ਇਸੇ ਤਰ੍ਹਾਂ ਬੀਜ ਬਿੱਲ ਦੇ ਕਨੂੰਨ ਬਣਨ ਨਾਲ਼ ਕਿਸਾਨ ਅਪਣਾ ਬੀਜ ਬਿਨ੍ਹਾਂ ਰਜਿਸਟ੍ਰੇਸ਼ਨ ਨਹੀਂ ਵਰਤ ਸਕਣਗੇ l ਦੇਸੀ ਬਦੇਸ਼ੀ ਪ੍ਰਾਈਵੇਟ ਕੰਪਨੀਆਂ ਆਪਣੇ ਬੀਜ ਮਨਚਾਹੇ ਰੇਟਾਂ ਤੇ ਵੇਚਣਗੀਆਂ l ਖੋਜ ਕਰਨ ਵਾਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਬੰਦ ਹੋ ਜਾਣਗੀਆਂ ਅਤੇ ਸਿੰਜੇਂਟਾ, ਬਾਇਰ, ਕੋਰਟੇਵਾ ਐਗਰੀਸਾਇੰਸ ਵਰਗੀਆਂ ਬਦੇਸ਼ੀ ਕੰਪਨੀਆਂ ਦੇ ਬੀਜ ਮੰਡੀ ਵਿਚ ਵਿਕਣਗੇ l ਕੇਂਦਰ ਦੀ ਸਰਕਾਰ ਇਹਨਾਂ ਕਨੂੰਨਾਂ ਨਾਲ਼ ਖੇਤੀ ਕਾਰਪੋਰੇਟਾਂ ਹਵਾਲੇ ਕਰਨ ਜਾ ਰਹੀ ਹੈ ਇਸਦਾ ਡੱਟਵਾਂ ਵਿਰੋਧ ਕੀਤਾ ਜਾਵੇਗਾl ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਮੂਕ ਦਰਸ਼ਕ ਬਣੀ ਹੋਈ ਹੈ l ਇਹ ਵਿਧਾਨ ਸਭਾ ਵਿਚ ਇਹਨਾਂ ਨੂੰ ਮਨਜ਼ੂਰੀ ਨਾ ਦੇਵੇ l ਕੇਂਦਰ ਸਰਕਾਰ ਨੇ ਜੇਕਰ ਦੋਵੇਂ ਬਿੱਲ ਵਾਪਿਸ ਨਾ ਲਏ ਤਾਂ ਪੂਰੇ ਦੇਸ਼ ਵਿਚ ਸਰਕਾਰ ਖਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਤੇ ਸਰਕਾਰ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ l ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਮਜ਼ਦੂਰ ਵਰਗ ਉੱਤੇ ਬਹੁਤ ਵੱਡਾ ਹਮਲਾ ਹਨ।ਇਸ ਨਾਲ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਅਧਿਕਾਰ ਖ਼ਤਮ ਹੋ ਜਾਵੇਗਾ,ਪੱਕੀਆਂ ਨੌਕਰੀਆਂ ਖ਼ਤਮ ਹੋ ਜਾਣਗੀਆਂ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਗਨਰੇਗਾ ਨੂੰ ਬਦਲਕੇ ' ਵਿਕਸਤ ਭਾਰਤ ਜੀ ਰਾਮ ਜੀ ' ਕਾਨੂਨ ਲਿਆਂਦਾ ਹੈ ਜੋ ਮਜ਼ਦੂਰ ਵਿਰੋਧੀ ਹੈ। ਉਹਨਾਂ ਕਿਹਾ ਕਿ
30 ਦਸੰਬਰ ਨੂੰ ਇਲਾਕਾ ਔੜ ਵਿਚ, 1 ਜਨਵਰੀ ਨੂੰ ਇਲਾਕਾ ਬਲਾਚੌਰ,ਅਤੇ 3 ਜਨਵਰੀ ਨੂੰ ਇਲਾਕਾ ਬੰਗਾ ਵਿਚ ਟਰੈਕਟਰ ਮਾਰਚ ਕੱਢੇ ਜਾਣਗੇ।16 ਜਨਵਰੀ ਨੂੰ ਪਾਵਰਕਾਮ ਦੇ ਸਰਕਲ ਨਵਾਂਸ਼ਹਿਰ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ ਧਰਨਾ ਦਿੱਤਾ ਜਾਵੇਗਾ ਜਿਸਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।