ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਦਵਿੰਦਰ ਪਟਿਆਲਵੀ ਦੇ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ ਦਾ ਲੋਕ ਅਰਪਣ
- ਲੇਖਕਾਂ ਦੀ ਰਚਨਾ ਦੇ ਵਿਕਾਸ ਵਿਚ ਸਾਹਿਤ ਸਭਾਵਾਂ ਉਸਾਰੂ ਭੂਮਿਕਾ— ਡਾ.ਦਰਸ਼ਨ ਸਿੰਘ ‘ਆਸ਼ਟ*
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 12 ਜਨਵਰੀ 2025 - ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ 12 ਜਨਵਰੀ, 2025 ਨੂੰ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ‘ਆਸ਼ਟ* ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ‘ਸਾਊਥ ਏਸ਼ੀਅਨ ਰੀਵਿਊ* ਦੇ ਸਹਾਇਕ ਸੰਪਾਦਕ,ਵਿਰਾਸਤ ਫਾਊਂਡੇਸ਼ਨ,ਕੈਨੇਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮੱਲ੍ਹੀ ਸ਼ਾਮਿਲ ਹੋਏ ਜਦੋਂ ਕਿ ਪ੍ਰਧਾਨਗੀ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਕੀਤੀ। ਸੁਪ੍ਰਸਿੱਧ ਸ਼੍ਰੋਮਣੀ ਕਵੀ ਸਰਦਾਰ ਪੰਛੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਦਵਿੰਦਰ ਪਟਿਆਲਵੀ ਦੀ ਕਾਵਿ—ਸਿਰਜਣਾ ਅਤੇ ਉਸ ਦੀ ਸਾਹਿਤ ਸਭਾ ਨਾਲ ਚਿਰੋਕਣੀ ਸਾਂਝ ਦੇ ਹਵਾਲੇ ਨਾਲ ਕਿਹਾ ਕਿ ਲੇਖਕਾਂ ਦੀ ਰਚਨਾ ਦੇ ਵਿਕਾਸ ਵਿਚ ਸਾਹਿਤ ਸਭਾਵਾਂ ਉਸਾਰੂ ਭੂਮਿਕਾ ਨਿਭਾਉਂਦੀਆਂ ਹਨ।
ਉਪਰੰਤ ਸਭਾ ਦੇ ਜਨਰਲ ਸਕੱਤਰ ਅਤੇ ਮਿੰਨੀ ਕਹਾਣੀ ਰਿਸਾਲੇ ‘ਛਿਣ* ਦੇ ਸੰਪਾਦਕ ਦਵਿੰਦਰ ਪਟਿਆਲਵੀ ਦੀ ਪੁਸਤਕ ‘ਕੋਮਲ ਪੱਤੀਆਂ ਦਾ ਉਲਾਂਭਾ* ਦਾ ਲੋਕ ਅਰਪਣ ਕੀਤਾ ਗਿਆ। ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਪਟਿਆਲਵੀ ਦੀ ਕਵਿਤਾ ਮਾਨਵੀ ਸੰਵੇਦਨਾ ਨੂੰ ਪ੍ਰਸਤੁੱਤ ਕਰਦੀ ਹੈ।ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕਵੀਆਂ ਦਾ ਜ਼ਿਕਰ ਕਰਦਿਆਂ ਭੁਪਿੰਦਰ ਸਿੰਘ ਮੱਲ੍ਹੀ ਦਾ ਮਤ ਸੀ ਕਿ ਪਟਿਆਲਵੀ ਵਰਗੇ ਕਲਮਕਾਰ ਇਕੋ ਜਿਹੀ ਊਰਜਾ ਨਾਲ ਸਭਾ ਅਤੇ ਕਲਮ ਦੀ ਖ਼ਿਦਮਤ ਕਰ ਰਹੇ ਹਨ।ਸਰਦਾਰ ਪੰਛੀ ਨੇ ਆਪਣੇ ਨਿਵੇਕਲੇ ਸ਼ਾਇਰਾਨਾ ਅੰਦਾਜ਼ ਵਿਚ ਕਲਾਮ ਪੇਸ਼ ਕਰਕੇ ਖ਼ੂਬ ਵਾਹ ਵਾਹ ਖੱਟੀ ਜਦੋਂ ਕਿ ਡਾ. ਪਰਮਿੰਦਰਜੀਤ ਕੌਰ ਦਾ ਮੰਨਣਾ ਸੀ ਕਿ ਬਜ਼ੁਰਗ ਸਾਹਿਤਕਾਰਾਂ ਦੀਆਂ ਦਸਤਾਵੇਜ਼ੀ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ।ਕਾਲਮਨਵੀਸ ਉਜਾਗਰ ਸਿੰਘ ਨੇ ਪੁਸਤਕ ਦੇ ਕਲਾ ਪੱਖ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ।ਪੁਸਤਕ ਉਪਰ ਪ੍ਰਸਿੱਧ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਨੇ ਮੁੱਖ ਪੇਪਰ ਪੜ੍ਹਦਿਆਂ ਪੁਸਤਕ ਦੇ ਵਸਤੂ ਜਗਤ ਦੀ ਗਹਿਰਾਈ ਦੀਆਂ ਤੰਦਾਂ ਨੂੰ ਛੂਹਿਆ ਜਦੋਂ ਕਿ ਡਾ. ਅਰਵਿੰਦਰ ਕੌਰ ਕਾਕੜਾ,ਡਾ.ਹਰਪ੍ਰੀਤ ਸਿੰਘ ਰਾਣਾ, ਖੋਜਾਰਥਣ ਮਨਜੀਤ ਕੌਰ (ਪੰਜਾਬੀ ਯੂਨੀਵਰਸਿਟੀ ਪਟਿਆਲਾ),ਨਵਦੀਪ ਸਿੰਘ ਮੁੰਡੀ, ਸ਼ਬਨਮ ਆਰੀਆ ਮੱਲ੍ਹੀ ਅਤੇ ਡਾ. ਬਲਕਰਨ ਸਿੰਘ (ਸਰਕਾਰੀ ਮਹਿੰਦਰਾ ਕਾਲਜ ਪਟਿਆਲਾ) ਨੇ ਪੁਸਤਕ ਦੇ ਹੋਰਨਾਂ ਵੱਖ ਵੱਖ ਪੱਖਾਂ ਬਾਰੇ ਆਪੋ ਆਪਣੇ ਨਜ਼ਰੀਏ ਤੋਂ ਉਸਾਰੂ ਅਤੇ ਪ੍ਰੇਰਣਾਮਈ ਚਰਚਾ ਕੀਤੀ।ਦਵਿੰਦਰ ਪਟਿਆਲਵੀ ਨੇ ਆਪਣੀ ਪੁਸਤਕ ਬਾਰੇ ਵਿਦਵਾਨਾਂ ਵੱਲੋਂ ਰਚਾਏ ਗੰਭੀਰ ਸੰਵਾਦ *ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਭਵਿੱਖ ਵਿਚ ਉਹ ਆਪਣੀ ਰਚਨਾ ਪ੍ਰਕਿਰਿਆ ਵਿਦਵਾਨਾਂ ਦੀਆਂ ਮੁੱਲਵਾਨ ਗੱਲਾਂ ਨੂੰ ਸਾਹਮਣੇ ਰੱਖ ਕੇ ਕਰਨਗੇ।ਸੁਖਦੇਵ ਸਿੰਘ ਸ਼ਾਂਤ ਅਤੇ ਜ਼ੋਰਾਵਰ ਸਿੰਘ ਪੰਛੀ (ਲੁਧਿਆਣਾ) ਨੇ ਪ੍ਰਤੀਕਾਤਮਕ ਕਵਿਤਾ ਅਤੇ ਗ਼ਜ਼ਲ ਸਾਂਝੀ ਕੀਤੀ।
ਇਸ ਦੌਰਾਨ ਬਲਬੀਰ ਸਿੰਘ ਦਿਲਦਾਰ,ਅਮਰ ਗਰਗ ਕਲਮਦਾਨ,ਭੁਪਿੰਦਰ ਕੌਰ ਵਾਲੀਆ, ਸਤੀਸ਼ ਵਿਦਰੋਹੀ, ਪੰਮੀ ਹਬੀਬ,ਵਿਕਰਮਜੀਤ ਸਿੰਘ,ਹਰਦੀਪ ਸਭਰਵਾਲ,ਜਤਿੰਦਰਪਾਲ ਸਿੰਘ ਨਾਗਰਾ,ਇੰਜੀ. ਜਗਰਾਜ ਸਿੰਘ, ਪੂਜਾ ਸ਼ਰਮਾ,ਸਾਹਿਲ ਸ਼ਰਮਾ,ਹਰਮੇਸ਼ ਕੁਮਾਰ ਸੀਟਾ ਵੈਰਾਗੀ,ਗੋਪਾਲ ਸ਼ਰਮਾ ਮਰਦਾਂਹੇੜੀ, ਹਰਦੀਪ ਸਿੰਘ ਦੀਪਾ ਬੀਰ ਮਾਨਸਾ,ਜੱਗਾ ਰੰਗੂਵਾਲ ਆਦਿ ਨੇ ਆਪਣੀਆਂ ਭਿੰਨ ਭਿੰਨ ਵਿਧਾਵਾਂ ਦੀਆਂ ਲਿਖਤਾਂ ਪੜ੍ਹੀਆਂ।
ਇਸ ਸਮਾਗਮ ਵਿਚ ਲੋਕ ਸਾਹਿਤ ਸੰਗਮ ਰਾਜਪੁਰਾ ਦੇ ਡਾ. ਗੁਰਵਿੰਦਰ ਸਿੰਘ ਅਮਨ,ਗੁਸਈਆਂ* ਦੇ ਸੰਪਾਦਕ ਕੁਲਵੰਤ ਸਿੰਘ ਨਾਰੀਕੇ,ਗੁਰਵਿੰਦਰ ਦੀਪ,ਅਮਰਜੀਤ ਸਿੰਘ ਵਾਲੀਆ,ਸਰਵਿੰਦਰ ਸਿੰਘ ਛਾਬੜਾ,ਜਸਬੀਰ ਸਿੰਘ,ਨਵਨੀਤ ਸਿੰਘ,ਅਜੀਤ ਸਿੰਘ,ਰਾਜੇਸ਼ ਕੋਟੀਆ,ਸੁਰਜੀਤ ਸਿੰਘ ਅਤੇ ਮੁਕੇਸ਼ ਜੋਗੀ ਆਦਿ ਹਾਜ਼ਰ ਸਨ।ਅੰਤ ਵਿਚ ਵਿਦਵਾਨਾਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।