Breaking News: ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਦੇ ਸਮੇਂ 100 ਫੁੱਟ ਦੀ ਉਚਾਈ 'ਤੇ ਲਟਕਿਆ ਨੌਜਵਾਨ
Babushahi Network
ਅਬੋਹਰ (31 ਦਸੰਬਰ): ਅਬੋਹਰ ਦੇ ਨੇੜਲੇ ਪਿੰਡ ਗਿੱਦੜਾਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੌਰਾਨ ਇੱਕ ਨੌਜਵਾਨ ਕਰੀਬ 100 ਫੁੱਟ ਦੀ ਉਚਾਈ 'ਤੇ ਫਸ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਚਿੰਤਾ ਦਾ ਮਾਹੌਲ ਹੈ।
ਹਾਦਸਾ ਕਿਵੇਂ ਵਾਪਰਿਆ?
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਗਿੱਦੜਾਂਵਾਲੀ ਦੇ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਸੇਵਾ ਚੱਲ ਰਹੀ ਸੀ। ਜਦੋਂ ਨੌਜਵਾਨ ਉੱਪਰ ਚੜ੍ਹਿਆ ਹੋਇਆ ਸੀ, ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਤਾਰ ਟੁੱਟ ਗਈ। ਤਾਰ ਟੁੱਟਣ ਕਾਰਨ ਨੌਜਵਾਨ ਹੇਠਾਂ ਨਹੀਂ ਉਤਰ ਸਕਿਆ ਅਤੇ ਕਰੀਬ 100 ਫੁੱਟ ਦੀ ਖ਼ਤਰਨਾਕ ਉਚਾਈ 'ਤੇ ਹੀ ਲਟਕਿਆ ਰਿਹਾ।
ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚ ਚੁੱਕੀਆਂ ਹਨ। ਨੌਜਵਾਨ ਪਿਛਲੇ ਕਰੀਬ ਦੋ-ਢਾਈ ਘੰਟਿਆਂ ਤੋਂ ਉੱਪਰ ਹੀ ਫਸਿਆ ਹੋਇਆ ਹੈ। ਨੌਜਵਾਨ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਚਾਈ ਜ਼ਿਆਦਾ ਹੋਣ ਕਾਰਨ ਬਚਾਅ ਟੀਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਹੈ ਅਤੇ ਹਰ ਕੋਈ ਨੌਜਵਾਨ ਦੀ ਸਲਾਮਤੀ ਲਈ ਅਰਦਾਸ ਕਰ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।