ਪਰਗਟ ਸਿੰਘ ਦਾ 'ਆਪ' 'ਤੇ ਤਿੱਖਾ ਵਾਰ: "ਮਨਰੇਗਾ ਕਾਂਗਰਸ ਦੀ ਦੇਣ, ਸਿਰਫ਼ ਸਪੈਸ਼ਲ ਸੈਸ਼ਨ ਨਾਲ ਨਹੀਂ ਚੱਲੇਗਾ ਕੰਮ"
Babushahi Network
ਚੰਡੀਗੜ੍ਹ, 30 ਦਸੰਬਰ 2025- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵਿਰੁੱਧ ਮੋਰਚਾ ਖੋਲ੍ਹਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਗਟ ਸਿੰਘ ਨੇ ਸਦਨ ਵਿੱਚ ਆਪਣਾ ਪੱਖ ਰੱਖਦਿਆਂ 'ਆਪ' ਸਰਕਾਰ ਨੂੰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਮਨਰੇਗਾ ਕਾਂਗਰਸ ਪਾਰਟੀ ਦੀ ਦੇਣ ਹੈ ਅਤੇ ਆਮ ਆਦਮੀ ਪਾਰਟੀ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਇਹ ਸਕੀਮ ਕਾਂਗਰਸ ਨੇ ਸ਼ੁਰੂ ਕੀਤੀ ਹੈ, ਤਾਂ ਅਸੀਂ ਇਸ ਦਾ ਵਿਰੋਧ ਕਿਉਂ ਕਰਾਂਗੇ? ਉਨ੍ਹਾਂ ਨੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਉਹ ਸਦਨ ਵਿੱਚ ਝੂਠ ਬੋਲ ਰਹੇ ਹਨ। ਪਰਗਟ ਸਿੰਘ ਨੇ ਸਰਕਾਰ ਵੱਲੋਂ ਸਿਰਫ਼ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਨੀਤੀ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਸਪੈਸ਼ਲ ਸੈਸ਼ਨ ਦੀ ਲੋੜ ਨਹੀਂ ਹੈ, ਪੰਜਾਬ ਦੇ ਹੋਰ ਭਖਦੇ ਮਸਲਿਆਂ 'ਤੇ ਵਿਸਤ੍ਰਿਤ ਚਰਚਾ ਕਰਨ ਲਈ ਸਰਕਾਰ ਨੂੰ ਰੈਗੂਲਰ ਸੈਸ਼ਨ ਬੁਲਾਉਣਾ ਚਾਹੀਦਾ ਹੈ।