Babushahi Special ਲੇਖਾ ਜੋਖਾ : ਨਾਜਾਇਜ਼ ਸਬੰਧਾਂ ਕਾਰਨ ਉੱਠੀਆਂ ਘੁੱਗ ਵੱਸਦੇ ਘਰਾਂ ਚੋਂ ਅਰਥੀਆਂ ਨੇ ਵਿਛਾਏ ਸੱਥਰ
ਅਸ਼ੋਕ ਵਰਮਾ
ਬਠਿੰਡਾ, 30 ਦਸੰਬਰ 2025: ਪੰਜਾਬ ਵਿੱਚ ਹੁਣ ਜ਼ਮੀਨਾਂ ਕਰਕੇ ਨਹੀਂ, ਸਗੋਂ ਨਾਜਾਇਜ਼ ਸਬੰਧਾਂ ਕਾਰਨ ਜ਼ਿਆਦਾ ਕਤਲ ਹੁੰਦੇ ਹਨ। ਸਮੇਂ ਦੇ ਬਦਲਾਓ ਮਗਰੋਂ ਹੁਣ ਇਸ ਖਿੱਤੇ ਵਿੱਚ ਜ਼ਮੀਨ ਲਈ ਹੁੰਦੇ ਕਤਲਾਂ ਦੀ ਗਿਣਤੀ ਘਟੀ ਹੈ ਅਤੇ ਨਾਜਾਇਜ਼ ਸਬੰਧਾਂ ਕਾਰਨ ਹੋ ਰਹੇ ਕਤਲਾਂ ਦੀ ਦਰ ਦਿਨ-ਬ-ਦਿਨ ਵਧ ਰਹੀ ਹੈ। ਸਾਲ 2025 ਦੀ ਪੜਤਾਲ ਦੌਰਾਨ ਜੋ ਵੇਰਵੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਸ ਰੁਝਾਨ ਦਾ ਸੰਕੇਤ ਮਿਲਿਆ ਹੈ। ਹਾਲਾਂਕਿ ਘਰੇਲੂ ਕਲੇਸ਼ ਵੀ ਵਜ੍ਹਾ ਰਿਹਾ ਪਰ ਬਹੁਤੇ ਕਤਲਾਂ ਦਾ ਕਾਰਨ ਨਜਾਇਜ ਸਬੰਧ ਹਨ। ਇਸ ਸਾਲ ਅਜਿਹੇ ਸਬੰਧਾਂ ਕਾਰਨ ਪਤੀਆਂ ਹੱਥੋਂ ਪਤਨੀਆਂ ਦੀ ਵੀ ਜਾਨ ਗਈ ਹੈ। ਸਾਲ ਦਾ ਦਿਲ ਦਹਿਲਾਉਣ ਵਾਲਾ ਕਤਲ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਚ ਹੋਇਆ ਜਿੱਥੇ ਪਤਨੀ ਰੁਪਿੰਦਰ ਕੌਰ ਨੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਥਿਤ ਕਤਲ ਕਰ ਦਿੱਤਾ। ਗੁਰਵਿੰਦਰ ਇਕਲੌਤਾ ਪੁੱਤ ਹੋਣ ਕਰਕੇ ਨਜਾਇਜ ਸਬੰਧਾਂ ਨੇ ਮਾਪਿਆਂ ਦੀ ਦੁਨੀਆਂ ਉਜਾੜ ਦਿੱਤੀ ਹੈ।
ਪਟਿਆਲਾ ਜਿਲ੍ਹੇ ਦੇ ਪਿੰਡ ਕੁਲਾਰਾਂ ’ਚ 29 ਦਸੰਬਰ ਨੂੰ ਰਾਣੀ ਕੌਰ ਨਾਂ ਦੀ ਔਰਤ ਨੇ ਆਪਣੇ ਪਤੀ ਆਤਮਾ ਸਿੰਘ (38) ਦਾ ਗਲਾ ਘੁੱਟਕੇ ਕਥਿਤ ‘ਕਤਲ’ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਤਫਤੀਸ਼ ਅਨੁਸਾਰ ਰਾਣੀ ਕੌਰ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਸਨ ਅਤੇ ਉਸ ਦੇ ਪਹਿਲੇ ਪਤੀਆਂ ਦੀ ਵੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਈ ਸੀ। ਅਜਿਹੇ ਕਤਲਾਂ ਦੀ ਲੜੀ ’ਚ ਫਾਜ਼ਿਲਕਾ ਜਿਲ੍ਹੇ ਦੇ ਕੁਲਦੀਪ ਸਿੰਘ ਉਰਫ ਦੀਪੂ ਦਾ ਨਾਮ ਵਾ ਸ਼ੁਮਾਰ ਹੈ ਜਿਸ ਨੂੰ ਇਸ ਸਾਲ ਜੂਨ ਮਹੀਨੇ ਦੌਰਾਨ ਕਤਲ ਕਰ ਦਿੱਤਾ ਗਿਆ। ਪੁਲਿਸ ਤਫਤੀਸ਼ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਸ਼ਿਮਲਾ ਰਾਣੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚਲਦੇ ਪਤੀ ਦਾ ਕਤਲ ਕਰਵਾਇਆ ਸੀ। ਦੇਖਿਆ ਜਾਏ ਤਾਂ ਇਸ ਕਤਲ ਕਾਰਨ ਉਨ੍ਹਾਂ ਮਾਸੂਮ ਬੱਚਿਆ ਨਾਲ ਹੀ ਸਭ ਤੋਂ ਮਾੜੀ ਹੋਈ ਹੈ ਜਿੰਨ੍ਹਾਂ ਦਾ ਪਿਤਾ ਜਹਾਨੋਂ ਚਲਾ ਗਿਆ ਅਤੇ ਮਾਂ ਜੇਲ੍ਹ ਚਲੀ ਗਈ ਹੈ।
ਗੱਲ ਜਨਵਰੀ 2025 ਦੀ ਹੈ ਜਦੋਂ ਲੋਕ ਅਜੇ ਨਵਾਂ ਸਾਲ ਚੜ੍ਹਨ ਦੀਆਂ ਖੁਸ਼ੀਆਂ ਮਨਾ ਰਹੇ ਸਨ ਤਾਂ ਇਸ ਮੌਕੇ ਲਖਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਫੂਲੇਵਾਲ ਦੇ ਸੱਟਾਂ ਮਾਰੀਆਂ ਗਈਆਂ ਸਨ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਇਹ ਕਤਲ ਮ੍ਰਿਤਕ ਦੀ ਪਤਨੀ ਤਮੰਨਾ ਨੇ ਆਪਣੇ ਪ੍ਰੇਮੀ ਕੁਲਦੀਪ ਕੁਮਾਰ ਉਰਫ ਰਿਪਾ ਨਾਲ ਮਿਲਕੇ ਕਰਵਾਇਆ ਸੀ। ਪੁਲਿਸ ਅਨੁਸਾਰ ਤਮੰਨਾ ਦੀ ਕੁਲਦੀਪ ਕੁਮਾਰ ਨਾਲ ਵਿਆਹ ਕਰਵਾਉਣ ਦੀ ‘ਤਮੰਨਾਂ ’ ਸੀ ਜਿਸ ਕਾਰਨ ਇੱਕ ਨੌਜਵਾਨ ਨੂੰ ਆਪਣੀ ਜਾਨ ਗੁਆਉਣੀ ਪਈ ਕਿਉਂਕਿ ਜਦੋਂ ਤੱਕ ਲਖਵਿੰਦਰ ਜ਼ਿੰਦਾ ਸੀ ਉਨ੍ਹਾਂ ਦਾ ਵਿਆਹ ਸੰਭਵ ਨਹੀਂ ਸੀ । ਜਲੰਧਰ ਦੇ ਤਿਲਕ ਨਗਰ ਵਾਸੀ ਮੁਕੇਸ਼ ਕੁਮਾਰ ਦੀ ਹੱਤਿਆ ਦਾ ਕਾਰਨ ਵੀ ਨਜਾਇਜ ਸਬੰਧ ਹੀ ਸਨ । ਪੁਲਿਸ ਨੇ ਮ੍ਰਿਤਕ ਦੀ ਪਤਨੀ ਨੀਰੂ ਬਾਲਾ ਵਾਸੀ ਤਿਲਕ ਨਗਰ ਅਤੇ ਉਸ ਦੇ ਪ੍ਰੇਮੀ ਹਰਪ੍ਰੀਤ ਸਿੰਘ ਉਰਫ਼ ਹੈਪੀ ਸੋਮਨਾਥ ਵਾਸੀ ਜਲੰਧਰ ਨੂੰ ਗ੍ਰਿਫਤਾਰ ਕੀਤਾ ਸੀ।
ਮੋਗਾ ਜਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਨੌਜਵਾਨ ਅਮਨਦੀਪ ਸਿੰਘ ਉਰਫ਼ ਅਮਨਾ ਦੇ ਕਤਲ ਮਾਮਲੇ ’ਚ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਉੁਰਫ਼ ਨਿੱਕੀ ਅਤੇ ਉਸ ਦੇ ਕਥਿਤ ਪ੍ਰੇਮੀ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਸੀ। ਇਸੇ ਤਰਾਂ ਹੀ ਸੰਗਰੂਰ ਦੇ ਪਿੰਡ ਬੱਲਰਾਂ ’ਚ ਇੱਕ ਨੌਜਵਾਨ ਦੇ ਕਤਲ ’ਚ ਨਜਾਇਜ ਸਬੰਧ ਹੋਣਾ ਸਾਹਮਣੇ ਆਇਆ ਸੀ। ਅੰਮ੍ਰਿਤਸਰ ਦੇ ਨੌਜਵਾਨ ਮਣੀ ਸ਼ਰਮਾ ਦੀ ਹੱਤਿਆ ਨੂੰ ਲੈਕੇ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਜਨੀ ਸ਼ਰਮਾ ਅਤੇ ਕਥਿਤ ਪ੍ਰੇਮੀ ਸੋਨੂੰ ਨੂੰ ਗ੍ਰਿਫਤਾਰ ਕੀਤਾ ਸੀ। ਪਟਿਆਲਾ ਜਿਲ੍ਹੇ ਦੇ ਬੱਲਮਗੜ੍ਹ ’ਚ ਇੱਕ ਮਹਿਲਾ ਨੇ ਅਪਰੈਲ ’ਚ ਆਪਣੇ ਪਤੀ ਦੀ ਹੱਤਿਆ ਕੀਤੀ ਸੀ। ਭਾਵੇਂ ਕਤਲ ਦਾ ਕਾਰਨ ਨਜਾਇਜ ਸਬੰਧ ਤਾਂ ਨਹੀਂ ਸਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਔਰਤ ਆਪਣੇ ਮ੍ਰਿਤਕ ਪਤੀ ਦੀ ਲਾਸ਼ ਕੋਲ ਲਗਾਤਰ 24 ਘੰਟੇ ਬੈਠੀ ਰਹੀ ਸੀ। ਇਹ ਕੁੱਝ ਮਿਸਾਲਾਂ ਹਨ ਕਤਲਾਂ ਦੇ ਹੋਰ ਵੀ ਮਾਮਲੇ ਸਾਹਮਣੇ ਆਏ ਸਨ।
ਪਤਨੀਆਂ ਵੀ ਬਣੀਆਂ ਸ਼ਿਕਾਰ
ਇਸ ਤਰਾਂ ਦਾ ਸਭ ਤੋਂ ਵੱਡਾ ਮਾਮਲਾ ਲੁਧਿਆਣਾ ’ਚ ਆਇਆ ਸੀ ਜਿੱਥੇ ਵਪਾਰੀ ਅਨੋਖ ਮਿੱਤਲ ਨੇ ਪਤਨੀ ਲਿਪਸੀ ਮਿੱਤਲ ਦਾ ਸੁਪਾਰੀ ਦੇਕੇ ਕਥਿਤ ਕਤਲ ਕਰਵਾਇਆ ਸੀ ਜਿਸ ਦੇ ਕਿਸੇ ਔਰਤ ਨਾਲ ਕਥਿਤ ਨਜਾਇਜ ਸਬੰਧ ਸਨ। ਲੁਧਿਆਣਾ ਦੇ ਹੈਬੋਵਾਲ ’ਚ ਸੰਤ ਨਗਰ ਵਿਖੇ ਮਨੋਜ ਕੁਮਾਰ ਨਾਮੀ ਵਿਅਕਤੀ ਤੇ ਆਪਣੀ ਪਤਨੀ ਨੂੰ ਕਤਲ ਕਰਨ ਦੇ ਦੋਸ਼ ਲੱਗੇ ਸਨ। ਮਨੋਜ ਨੂੰ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕੀ ਰਹਿਦਾ ਸੀ ਜੋ ਕਲੇਸ਼ ਤੋਂ ਹੁੰਦਾ ਹੋਇਆ ਕਤਲ ਤੱਕ ਪੁੱਜ ਗਿਆ ਸੀ। ਇਸ ਸਾਲ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ।
ਮੇਲ ਮਿਲਾਪ ਵਧਣਾ ਸੰਕਟ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਜੋ ਸਮਾਜਿਕ ਮਾਮਲਿਆਂ ਦੇ ਮਾਹਿਰ ਹਨ, ਦਾ ਕਹਿਣਾ ਸੀ ਕਿ ਅਸਲ ਵਿੱਚ ਅਜੋਕੇ ਦੌਰ ਵਿੱਚ ਆਪਸੀ ਮੇਲ ਜੇਲ ਦੀ ਸੰਭਾਵਨਾ ਵੱਧ ਹੈ ਤਾਂ ਨਾਜਾਇਜ਼ ਸਬੰਧਾਂ ਕਾਰਨ ਹੋਣ ਵਾਲੇ ਕਤਲਾਂ ਦੀ ਗਿਣਤੀ ਵੀ ਵਧ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਪਰਿਵਾਰਕ ਕਦਰਾਂ ਕੀਮਤਾਂ ਨੂੰ ਸੱਟ ਵੱਜਦੀ ਹੈ ਤਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਜ਼ਿਆਦਾ ਕਤਲਾਂ ਪਿੱਛੇ ਲੋਭ ਜੁੜਿਆ ਹੁੰਦਾ ਸੀ। ਹੁਣ ਜਦੋਂ ਬਹੁਤੇ ਜ਼ਮੀਨੀ ਮਾਮਲੇ ਕਚਹਿਰੀਆਂ ਰਾਹੀਂ ਹੱਲ ਹੋਣ ਲੱਗੇ ਹਨ ਤਾਂ ਕਤਲਾਂ ਦੀ ਗਿਣਤੀ ਵੀ ਘੱਟ ਗਈ ਹੈ।