ਪੰਜਾਬੀ ਸਾਹਿਤ ਅਤੇ ਕਲਾ ਦੀ ਹਸਤੀ ਜੈਤੇਗ ਸਿੰਘ ਅਨੰਤ ਨਹੀਂ ਰਹੇ
ਹਰਦਮ ਮਾਨ
ਸਰੀ, 31 ਦਸੰਬਰ 2025-ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਦੀ ਮਾਣਯੋਗ ਅਤੇ ਕੌਮਾਂਤਰੀ ਹਸਤੀ ਜੈਤੇਗ ਸਿੰਘ ਅਨੰਤ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ। ਉਹ ਬੀਤੇ ਕਾਫੀ ਸਮੇਂ ਤੋਂ ਸਰੀ ਮੈਮੋਰੀਅਲ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ। ਉਨ੍ਹਾਂ ਦੇ ਸਪੁੱਤਰ ਕੁਲਬੀਰ ਸਿੰਘ ਅਨੰਤ ਅਨੁਸਾਰ ਅੱਜ ਸਵੇਰੇ ਉਨ੍ਹਾਂ ਹਸਪਤਾਲ ਵਿਚ ਆਖਰੀ ਸਾਹ ਲਿਆ। ਸ. ਅਨੰਤ ਦਾ ਜਨਮ 14 ਅਗਸਤ 1946 ਨੂੰ ਲਹਿੰਦੇ ਪੰਜਾਬ ਦੇ ਪਿੰਡ ਮਿਢਰਾਂਝਾ (ਤਖ਼ਤ ਹਜ਼ਾਰਾ ਨੇੜੇ) ਵਿੱਚ ਹੋਇਆ। ਉਹ 1997 ਵਿਚ ਕੈਨੇਡਾ ਆ ਗਏ ਸਨ ਅਤੇ ਸਰੀ ਸ਼ਹਿਰ ਵਿਚ ਰਹਿ ਰਹੇ ਸਨ। ਅਜੇ ਦੋ ਕੁ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਸੁਪਤਨੀ ਜਸਪਾਲ ਕੌਰ ਅਨੰਤ ਵੀ ਅਕਾਲ ਚਲਾਣਾਂ ਕਰ ਗਏ ਸਨ।
ਉਨ੍ਹਾਂ ਵੱਲੋਂ ਪੰਜਾਬੀ ਸਾਹਿਤ, ਕਲਾ ਅਤੇ ਵਿਸ਼ੇਸ਼ ਕਰਕੇ ਗ਼ਦਰ ਲਹਿਰ, ਸਿੱਖ ਵਿਰਸੇ, ਵਿਰਾਸਤ ਲਈ ਕੀਤੇ ਬਹੁਤ ਵੱਡੇ ਕਾਰਜ ਬੇਹੱਦ ਪ੍ਰਸੰਸਾਤਮਿਕ ਅਤੇ ਸਾਂਭਣਯੋਗ ਹਨ ਅਤੇ ਇਨ੍ਹਾਂ ਇਤਿਹਾਸਕ ਕਾਰਜਾਂ ਰਾਹੀਂ ਉਨ੍ਹਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ। ਉਨ੍ਹਾਂ ਦੀ ਕਲਮ ਦਾ ਸਫ਼ਰ 1968 ਵਿਚ ਰੋਜ਼ਾਨਾ ਜਥੇਦਾਰ ਅਖਬਾਰ ਤੋਂ ਹੋਇਆ। ਮੁੱਢਲਾ ਸਮਾਂ ਉਨ੍ਹਾਂ ਪੰਜਾਬੀ ਅਖਬਾਰਾਂ ਵਿਚ ਕਲਾ ਆਲੋਚਕ ਦੇ ਤੌਰ ਤੇ ਆਪਣੀ ਕਲਮ ਚਲਾਈ ਅਤੇ ਆਪਣੀ ਪਛਾਣ ਬਣਾਈ। ਪੇਸ਼ੇ ਵਜੋਂ ਉਹ ਇਕ ਸਫਲ ਫੋਟੋ ਪੱਤਰਕਾਰ ਰਹੇ ਹਨ। ਉਨ੍ਹਾਂ ਦੇਸ਼ ਵਿਦੇਸ਼ਾਂ ਵਿਚ 70 ਤੋਂ ਵੱਧ ਐਵਾਰਡ ਵੀ ਹਾਸਲ ਕੀਤੇ। ਭਾਰਤ ਦੇ ਟੌਪ 10 ਫੋਟੋ ਕਲਾਕਾਰਾਂ ਵਿਚ ਉਨ੍ਹਾਂ ਦਾ ਸ਼ੁਮਾਰ ਹੋਇਆ।
ਬਹੁਤ ਹੀ ਸੂਝਵਾਨ, ਵਿਦਵਾਨ, ਸਾਹਿਤਕਾਰ, ਕਲਾਤਮਿਕ ਫੋਟੋਗ੍ਰਾਫਰ, ਸੰਪਾਦਕ, ਖੋਜੀ ਆਦਿ ਅਨੇਕਾਂ ਗੁਣਾਂ ਦੇ ਧਾਰਨੀ ਸ. ਅਨੰਤ ਸਿਰੜ, ਮਿਹਨਤ ਅਤੇ ਮੁਹੱਬਤ ਦਾ ਮੁਸੱਜਮਾ ਸਨ। ਬੇਬਾਕੀ ਅਤੇ ਖ਼ੁਦਦਾਰੀ ਉਨ੍ਹਾਂ ਦੇ ਕਣ ਕਣ ਵਿਚ ਸਮੋਈ ਹੋਈ ਸੀ। ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਪਾਰਖੂ-ਨਜ਼ਰ, ਸੂਝ ਬੂਝ ਦਾ ਕੋਈ ਜਵਾਬ ਨਹੀਂ ਸੀ। ਉਨ੍ਹਾਂ ਦੇ ਦੋਸਤਾਂ, ਮਿੱਤਰਾਂ, ਸਿਨੇਹੀਆਂ ਦਾ ਸੰਸਾਰ ਬੇਹੱਦ ਵਿਸ਼ਾਲ ਸੀ। ਕੈਨੇਡਾ, ਭਾਰਤ, ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਹਾਂਗਕਾਂਗ, ਆਸਟਰੇਲੀਆ ਅਤੇ ਹੋਰ ਕਈ ਦੇਸ਼ਾਂ ਵਿਚ ਉਨ੍ਹਾਂ ਦੇ ਮਿੱਤਰ ਪਿਆਰੇ, ਸਿਨੇਹੀ ਹਨ ਅਤੇ ਉਨ੍ਹਾਂ ਨਾਲ ਫੋਨ ਰਾਹੀਂ ਨਿੱਘਾ ਮੇਲ ਮਿਲਾਪ ਉਹ ਅਕਸਰ ਕਰਦੇ ਰਹਿੰਦੇ ਸਨ। ਉਹ ਪਹਿਲੇ ਕੈਨੇਡੀਅਨ ਲੇਖਕ ਹਨ ਜਿਨ੍ਹਾਂ ਦੀ ਪੁਸਤਕ “ਗ਼ਦਰੀ ਯੋਧੇ” ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵ ਉੱਤਮ ਪੁਸਤਕ ਐਵਾਰਡ ਦਿੱਤਾ ਗਿਆ ਹੈ। ਉਹਨਾਂ ਨੇ ਦਰਜਨ ਤੋਂ ਵੱਧ ਪੁਸਤਕਾਂ ਰਚੀਆਂ ਅਤੇ ਸੰਪਾਦਿਤ ਕੀਤੀਆਂ।