ਪੰਜਾਬ ਵਿਧਾਨ ਸਭਾ 'ਚ ਤਿੱਖੀ ਜੰਗ! ਚੀਮਾ ਨੇ ਕਾਂਗਰਸ ਨੂੰ ਕਿਹਾ 'ਦਲਿਤ ਵਿਰੋਧੀ'; ਡਾ. ਸੁੱਖੀ ਦੇ 'ਸਟੇਟਸ' ਨੂੰ ਲੈ ਕੇ ਸਦਨ 'ਚ ਹੰਗਾਮਾ
Babushahi Network
ਚੰਡੀਗੜ੍ਹ, 30 ਦਸੰਬਰ 2025- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜ਼ਬਰਦਸਤ ਸ਼ਬਦੀ ਜੰਗ ਦੇਖਣ ਨੂੰ ਮਿਲੀ। ਮਨਰੇਗਾ ਅਤੇ ਦਲਿਤ ਅਧਿਕਾਰਾਂ ਦੇ ਮੁੱਦੇ 'ਤੇ ਬੋਲਦਿਆਂ ਚੀਮਾ ਨੇ ਕਾਂਗਰਸ ਪਾਰਟੀ 'ਤੇ ਗੰਭੀਰ ਇਲਜ਼ਾਮ ਲਗਾਏ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਦਲਿਤ ਵਿਰੋਧੀ ਰਹੀ ਹੈ। ਪੰਜਾਬ ਦੀ 34 ਪ੍ਰਤੀਸ਼ਤ ਦਲਿਤ ਆਬਾਦੀ ਦੇ ਹਿੱਤਾਂ ਨਾਲ ਕਾਂਗਰਸ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਦਲਿਤਾਂ ਨੂੰ 'ਮਟੀਰੀਅਲ' ਕਹਿ ਕੇ ਸਬੋਧਨ ਕਰਦੇ ਹਨ, ਜੋ ਕਿ ਬੇਹੱਦ ਸ਼ਰਮਨਾਕ ਹੈ। ਕਾਂਗਰਸ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਲਗਾਤਾਰ ਬਦਨਾਮ ਕਰ ਰਹੀ ਹੈ।
ਡਾ. ਸੁੱਖੀ ਦੀ ਪਾਰਟੀ ਅਤੇ 'ਸਟੇਟਸ' 'ਤੇ ਸਦਨ 'ਚ ਸੰਗਰਾਮ
ਸਦਨ ਵਿੱਚ ਉਸ ਵੇਲੇ ਮਾਹੌਲ ਹੋਰ ਗਰਮਾ ਗਿਆ ਜਦੋਂ ਡਾ. ਸੁਖਵਿੰਦਰ ਸੁੱਖੀ ਦੇ ਬੋਲਣ ਅਤੇ ਉਨ੍ਹਾਂ ਦੀ ਪਾਰਟੀ ਸਬੰਧੀ ਸਥਿਤੀ 'ਤੇ ਬਹਿਸ ਸ਼ੁਰੂ ਹੋਈ। ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਉਠਾਇਆ ਕਿ ਡਾ. ਸੁੱਖੀ ਅਸਲ ਵਿੱਚ ਕਿਸ ਪਾਰਟੀ ਨਾਲ ਸਬੰਧ ਰੱਖਦੇ ਹਨ? ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬਾਜਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਡਾ. ਸੁੱਖੀ ਦਾ ਸਦਨ ਵਿੱਚ ਉਹੀ 'ਸਟੇਟਸ' ਹੈ, ਜੋ ਕਾਂਗਰਸ ਵਿੱਚ ਸੰਦੀਪ ਜਾਖੜ ਦਾ ਹੈ।
ਜ਼ਿਕਰਯੋਗ ਹੈ ਕਿ ਸੰਦੀਪ ਜਾਖੜ ਕਾਂਗਰਸ ਤੋਂ ਮੁਅੱਤਲ ਹਨ ਪਰ ਵਿਧਾਇਕ ਵਜੋਂ ਬਰਕਰਾਰ ਹਨ। ਭਾਰੀ ਹੰਗਾਮੇ ਦੇ ਬਾਵਜੂਦ ਸਪੀਕਰ ਨੇ ਡਾ. ਸੁਖਵਿੰਦਰ ਸੁੱਖੀ ਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ, ਜਿਸ ਦਾ ਕਾਂਗਰਸੀ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਗਿਆ। ਸਦਨ ਦੀ ਕਾਰਵਾਈ ਦੌਰਾਨ "ਸਟੇਟਸ" ਅਤੇ "ਦਲਿਤ ਹਿੱਤਾਂ" ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਲਗਾਤਾਰ ਨਾਅਰੇਬਾਜ਼ੀ ਹੁੰਦੀ ਰਹੀ।