ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਖਾਲੀ ਹੱਥ ਅਜਨਾਲਾ ਆਉਣ ਦਾ ਕੋਈ ਲਾਭ ਨਹੀਂ -ਧਾਲੀਵਾਲ
ਜਾਖੜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਲੈਣ
ਧਾਲੀਵਾਲ ਨੇ ਗਊਸ਼ਾਲਾ ਵਿੱਚੋਂ ਗਾਵਾਂ ਕਢਵਾ ਕੇ ਸੁਰੱਖਿਆਤ ਸਥਾਨ ਉੱਤੇ ਪਹੁੰਚਾਈਆਂ
ਅਜਨਾਲਾ ਦੀ ਬੰਦ ਕੀਤੀ ਗੈਸ ਏਜੰਸੀ ਨੂੰ ਲੋਕਾਂ ਦੀ ਸਹੂਲਤ ਲਈ ਖੁਲਵਾਇਆ
ਅਜਨਾਲਾ , 29 ਅਗਸਤ 2025--
ਸਰਹੱਦੀ ਕਸਬੇ ਅਜਨਾਲਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਆਏ ਹੜਾਂ ਦੀ ਸਥਿਤੀ ਵਿੱਚ ਲੋਕਾਂ ਦੀ ਖਬਰ ਸਾਰ ਲੈਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਜੀ ਆਇਆ ਕਹਿੰਦੇ ਹਲਕਾ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ੍ਰੀ ਸੁਨੀਲ ਜਾਖੜ ਬੀਜੇਪੀ ਦੇ ਪੰਜਾਬ ਪ੍ਰਧਾਨ ਹਨ, ਉਨਾਂ ਦਾ ਅਜਨਾਲਾ ਵਿੱਚ ਖਾਲੀ ਹੱਥ ਆਉਣ ਦਾ ਕੋਈ ਲਾਹਾ ਨਹੀਂ। ਧਾਲੀਵਾਲ ਨੇ ਕਿਹਾ ਕਿ ਪੰਜਾਬ ਜੋ ਕਿ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਇਸ ਦੇ ਸੱਤ ਜਿਲ੍ਹੇ ਹੜਾਂ ਨਾਲ ਡੁੱਬੇ ਹੋਏ ਹਨ ਲਈ ਜਾਖੜ ਸਾਹਿਬ ਨੂੰ ਕੇਂਦਰ ਸਰਕਾਰ ਤੋਂ ਇੱਕ ਵਿਸ਼ੇਸ਼ ਪੈਕੇਜ ਲੈ ਕੇ ਆਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ 1988 ਤੋਂ ਬਾਅਦ ਸਭ ਤੋਂ ਹੜ੍ਹ ਆਇਆ ਹੈ, ਪਰ ਕੇਂਦਰ ਸਰਕਾਰ ਨੇ ਪੰਜਾਬ ਨੂੰ ਹੋਰ ਤਾਂ ਕੀ ਦੇਣਾ ਹੈ, ਸਾਡੇ ਹੱਕ ਦਾ 8000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਵੀ ਰੋਕਿਆ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਹਨਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੇਂਦਰ ਸਰਕਾਰ ਨੂੰ ਖੁੱਲ ਕੇ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈ।
ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਅਜਨਾਲਾ ਸ਼ਹਿਰ ਦਾ ਉਹ ਇਲਾਕਾ ਜਿੱਥੇ ਕਿ ਪਾਣੀ ਭਰ ਰਿਹਾ ਹੈ ਵਿੱਚੋਂ ਲੋਕਾਂ ਨੂੰ ਸੁਰੱਖਿਤ ਸਥਾਨਾਂ ਉੱਤੇ ਜਾਣ ਲਈ ਅਪੀਲ ਕਰਨ ਲਈ ਗਲੀਆਂ ਅਤੇ ਬਾਜ਼ਾਰਾਂ ਵਿੱਚ ਗਏ। ਉਹਨਾਂ ਨੇ ਇਸੇ ਦੌਰਾਨ ਲੋਕਾਂ ਦੀ ਸ਼ਿਕਾਇਤ ਉੱਤੇ ਬੰਦ ਕੀਤੀ ਹੋਈ ਐਲ ਪੀ ਜੀ ਗੈਸ ਦੀ ਏਜੰਸੀ ਵੀ ਖੁਲਵਾਈ ਅਤੇ ਉਹਨਾਂ ਨੂੰ ਕਿਹਾ ਕਿ ਉਹ ਨਿਰੰਤਰ ਗੈਸ ਦੀ ਸਪਲਾਈ ਯਕੀਨੀ ਬਣਾਉਣ। ਉਹਨਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ਕਾਲਾਬਜ਼ਾਰੀ ਕਰਨ ਦੀ ਕੋਸ਼ਿਸ਼ ਨਾ ਕਰਨ ਬਲਕਿ ਆਪਣੇ ਲੋਕਾਂ ਦਾ ਸਾਥ ਦੇਣ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਕਾਲਾਬਜ਼ਾਰੀ ਕਰਦਾ ਕਾਬੂ ਪਾਇਆ ਗਿਆ ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਸ ਧਾਲੀਵਾਲ ਨੇ ਕਾਹਨਾ ਗਉਸ਼ਾਲਾ ਜਿੱਥੇ ਕਿ ਪਾਣੀ ਭਰਨ ਦੀ ਸੰਭਾਵਨਾ ਹੈ, ਵਿੱਚ ਰੱਖੀਆਂ ਹੋਈਆਂ 165 ਦੇ ਕਰੀਬ ਗਾਵਾਂ ਨੂੰ ਉਥੋਂ ਭੱਲਾ ਪਿੰਡ ਭੱਖਾ ਵਿੱਚ ਤਬਦੀਲ ਕਰਵਾਇਆ, ਤਾਂ ਜੋ ਇਹ ਬੇਜਬਾਨ ਪਸ਼ੂ ਹੜਾਂ ਦਾ ਸ਼ਿਕਾਰ ਨਾ ਹੋ ਜਾਣ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਬਣਾਏ ਗਏ ਰਾਹਤ ਸੈਂਟਰਾਂ ਵਿੱਚ ਆਪਣੇ ਪਸ਼ੂ ਲੈ ਕੇ ਆਉਣ ਅਤੇ ਲੋਕਾਂ ਲਈ ਬਣਾਏ ਗਏ ਕੇਂਦਰਾਂ ਵਿੱਚ ਆ ਕੇ ਬੈਠਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ।