ਪੌਂਗ ਡੈਮ ਤੋਂ ਪਾਣੀ ਛੱਡਣ 'ਤੇ ਮੰਡ ਖੇਤਰ ਵਿੱਚ ਹੜ੍ਹ ਦੀ ਹਾਲਤ ਹੋਰ ਵਿਗੜੀ
ਪਾਣੀ ਬਾਉਪੁਰ ਜਦੀਦ ਵਾਲੇ ਪੁਲ ਦੇ ਉੱਪਰ ਦੀ ਬਹਿਣ ਲੱਗਾ/ ਪਿੰਡਾਂ ਨੂੰ ਖਾਲੀ ਕਰਾਇਆ ਜਾ ਰਿਹਾ।
◆ ਪੁਲ ਤੇ ਸੈਨਾ ਪਹੁੰਚੀ
ਸੁਲਤਾਨਪੁਰ ਲੋਧੀ, 28 ਅਗਸਤ 2025
ਪੋਂਗ ਡੈਮ ਤੋਂ ਕਰੀਬ ਦੋ ਲੱਖ ਕਿਯੂਸਕ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਰਿਕਾਰਡ ਤੋੜ ਵਾਧੇ ਦੇ ਪੱਧਰ ਕਾਰਨ ਮੰਡ ਖੇਤਰ ਵਿੱਚ ਹੜ ਦੀ ਸਥਿਤੀ ਬਹੁਤ ਖਤਰਨਾਕ ਹੋ ਗਈ ਹੈ। ਦਰਿਆ ਦਾ ਪਾਣੀ ਹੁਣ ਪੁਲ ਨੂੰ ਜਾਣ ਵਾਲੀ ਸੜਕ ਦੇ ਉੱਪਰ ਤੋਂ ਬਹਿਣ ਲੱਗ ਪਿਆ ਹੈ । ਜਿਸ ਕਾਰਨ ਹੜ ਦੀ ਖਤਰਨਾਕ ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕਰਕੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਕਿਸੇ ਵੀ ਖਤਰਨਾਕ ਸੂਰਤ ਨੂੰ ਵੇਖਦਿਆਂ ਪ੍ਰਸ਼ਾਸਨ ਵੱਲੋਂ ਫੌਜ ਦੀਆਂ ਦੋ ਗੱਡੀਆਂ ਬਾਊਪੁਰ ਪੁਲ ਤੇ ਭੇਜੀਆਂ ਗਈਆਂ ਹਨ । ਇਸ ਤੋਂ ਇਲਾਵਾ ਐਸ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਵਿੱਚ ਲੱਗੀਆਂ ਹੋਈਆਂ ਹਨ। ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਦਿਨ ਰਾਤ ਇੱਕ ਕਰਕੇ ਲੋਕਾਂ ਅਤੇ ਪਸ਼ੂਆਂ ਨੂੰ ਬਾਹਰ ਵੱਡੇ ਬੇੜੇ ਰਾਹੀਂ ਲਗਾਤਾਰ ਕੱਢ ਰਹੇ ਹਨ। ਦਰਿਆ ਦੇ ਪੱਧਰ ਵਧਣ ਕਾਰਨ ਤੇ ਸਾਰੇ ਆਰਜੀ ਬਣ ਟੁੱਟਣ ਕਾਰਨ ਪਾਣੀ ਧੁਸੀ ਬੰਨ੍ਹ ਨੂੰ ਵੀ ਲੱਗ ਗਿਆ ਹੈ । ਜਿਸ ਕਾਰਨ ਨਜ਼ਦੀਕ ਦੇ ਪਿੰਡਾਂ ਨੂੰ ਵੀ ਜੋ ਫਿਲਹਾਲ ਹੜ ਤੋਂ ਬਚੇ ਹੋਏ ਹਨ ਸਨ ਉਹਨਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ ਅਤੇ ਪਿੰਡਾਂ ਦੇ ਲੋਕਾਂ ਵਿੱਚ ਡਰ ਤੇ ਸਹਿਮ ਵੇਖਿਆ ਜਾ ਰਿਹਾ ਹੈ। ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਆਹਲੀ ਵਾਲਾ ਬੰਨ੍ਹ ਟੁੱਟਣ ਤੋਂ ਉਪਰੰਤ ਛੋਟੇ ਛੋਟੇ ਹੋਰ ਜਿਹੜੇ ਵੀ ਬਣ ਕਿਸਾਨਾਂ ਨੇ ਫਸਲਾਂ ਨੂੰ ਬਚਾਉਣ ਲਈ ਆਰਜੀ ਬੰਨ ਬੰਨੇ ਸਨ ਉਹ ਸਾਰੇ ਟੁੱਟ ਗਏ ਹਨ। ਗੋਇੰਦਵਾਲ ਸਾਹਿਬ ਵਾਲੇ ਪੁੱਲ ਤੇ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ ਪ੍ਰੰਤੂ ਲੋਕ ਹਾਲੇ ਵੀ ਮਿੱਟੀ ਦੀਆਂ ਬੋਰੀਆਂ ਰਾਹੀਂ ਸੇਵਾ ਜਾਰੀ ਕਰਕੇ ਉਹਨਾਂ ਬੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਪਰੰਤੂ ਕੁਦਰਤ ਦੀ ਕਰੋਪੀ ਅੱਗੇ ਬੇਵਸ ਹਨ । ਲੋਕਾਂ ਦਾ ਕਹਿਣਾ ਹੈ ਜੇ ਮੌਸਮ ਵਿਭਾਗ ਮੁਤਾਬਕ ਦੁਬਾਰਾ ਹੋਰ ਬਾਰਿਸ਼ ਹੋ ਗਈ ਤਾਂ ਸਾਰਾ ਕੁਝ ਤਬਾਹ ਹੋ ਜਾਵੇਗਾ। ਬਜ਼ੁਰਗ ਔਰਤਾਂ ਦਰਿਆ ਤੇ ਜਾ ਕੇ ਅਰਦਾਸ ਕਰ ਰਹੀਆਂ ਹਨ। ਕਿਸਾਨ ਬੇਹਦ ਭਾਵੁਕ ਹੋਏ ਕੁਝ ਵੀ ਹਾਲੇ ਗਲ ਕਰਨ ਨੂੰ ਤਿਆਰ ਨਹੀਂ ਹਨ।
◆ ਪਸ਼ੂਆਂ ਨੂੰ ਵੱਡੇ ਬੇੜੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ :-
ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਨੇ ਬੇਜਵਾਨ ਪਸ਼ੂਆਂ ਨੂੰ ਵੀ ਆਪਣੀ ਲਪੇਟ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਵੱਡੇ ਬੇੜਿਆਂ ਰਾਹੀਂ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਂ ਤੇ ਛੱਡਣ ਲਈ ਦਿਨ ਰਾਤ ਸੇਵਾ ਚ ਜੁਟੇ ਹੋਏ ਹਨ । ਕਿਸਾਨ ਆਗੂ ਦਾ ਕਹਿਣਾ ਹੈ ਕਿ ਇਨਸਾਨ ਦੀ ਤਰ੍ਹਾਂ ਪਸ਼ੂਆਂ ਦਾ ਵੀ ਦਰਦ ਨਹੀਂ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਰਿਆ ਬਿਆਸ ਵਿੱਚ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਅਤੇ ਆਉਣ ਵਾਲੇ 24 ਜਾਂ 48 ਘੰਟਿਆਂ ਵਿੱਚ ਹੋਰ ਖਰਾਬ ਹੋਣ ਦਾ ਅਨੁਮਾਨ ਹੈ।
◆ ਰਾਮਪੁਰ ਗੋਰੇ ਵਿੱਚ ਤਿੰਨ ਹੋਰ ਗਰੀਬ ਕਿਸਾਨਾਂ ਦੇ ਘਰ ਹੜ ਦੀ ਭੇਂਟ ਚੜੇ :-
ਮੰਡ ਖੇਤਰ ਵਿੱਚ ਹੜ ਨੇ ਪੂਰੀ ਤਰਹਾਂ ਤਾਂਡਵ ਮਚਾਇਆ ਹੋਇਆ ਹੈ। ਪਾਣੀ ਦੇ ਤੇਜ਼ ਪੱਧਰ ਨਾਲ ਰਾਮਪੁਰ ਗੋਰੇ 'ਚ ਤਿੰਨ ਹੋਰ ਪਰਿਵਾਰ ਬਲਜੀਤ ਸਿੰਘ, ਬਖਤੌਰ ਸਿੰਘ ਅਤੇ ਗੁਰ ਨਿਸ਼ਾਨ ਸਿੰਘ ਦੇ ਘਰ ਵੀ ਟੁੱਟ ਕੇ ਢਹ ਢੇਰੀ ਹੋ ਗਏ ਹਨ। ਕਿਸਾਨ ਆਗੂ ਬਾਊਪੁਰ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਸਮਾਨ ਸਮੇਤ ਬਾਹਰ ਕੱਢ ਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਗਰੀਬ ਹਨ। ਜਿਨਾਂ ਦੀ ਇੱਕ ਜਾਂ ਦੋ ਏਕੜ ਜਮੀਨ ਹੈ ਜਿਸ ਤੋਂ ਉਹ ਆਪਣੇ ਪਰਿਵਾਰ ਦਾ ਪੇਟ ਪਹਿਲਾਂ ਹੀ ਬਹੁਤ ਮੁਸ਼ਕਿਲ ਦੇ ਨਾਲ ਪਾਲਦੇ ਸਨ। ਹੁਣ ਫਸਲ ਦੇ ਨਾਲ ਘਰ ਵੀ ਪੂਰੀ ਤਰਹਾਂ ਤਬਾਹ ਹੋ ਗਏ ਹਨ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 10-10 ਲੱਖ ਰੁਪਏ ਦੀ ਮਦਦ ਦਾ ਐਲਾਨ ਸਰਕਾਰ ਤੇ ਪ੍ਰਸ਼ਾਸਨ ਤੁਰੰਤ ਕਰੇ।
◆ ਦੂਰ ਦੂਰ ਤੋਂ ਪਿੰਡਾਂ ਵੱਲੋਂ ਰਾਹਤ ਸੇਵਾ ਭੇਜਣ ਦਾ ਕੰਮ ਲਗਾਤਾਰ ਜਾਰੀ;-
ਮੰਡ ਖੇਤਰ ਵਿੱਚ ਆਏ ਹੜ ਕਾਰਨ ਦੂਰ ਦੂਰ ਤੋਂ ਪਿੰਡਾਂ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਸੇਵਾ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ। ਹੜ ਪੀੜਿਤ ਲੋਕਾਂ ਨੇ ਉਹਨਾਂ ਸਾਰੇ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦਾ ਸੇਵਾ ਭੇਜਣ ਲਈ ਧੰਨਵਾਦ ਕੀਤਾ।