ਵਿਧਾਇਕ ਸੇਖੋਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਅਤੇ ਹਰੇ ਚਾਰੇ ਨੂੰ ਕੀਤਾ ਰਵਾਨਾ
ਹੋਰ ਵੀ ਅੱਗੇ ਸੁੱਕੇ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਜਾਵੇਗਾ ਭੇਜਿਆ-ਸੇਖੋਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 29 ਅਗਸਤ 2025 :
ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਅੱਜ ਫਿਰੋਜ਼ਪੁਰ ਦੇ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਲੋਕਾਂ ਦੀ ਮਦਦ ਲਈ ਰਾਸ਼ਨ ਅਤੇ ਪਸ਼ੂਆਂ ਲਈ ਹਰੇ ਚਾਰੇ ਦੀਆਂ ਹੋਰ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਕਿਹਾ ਕਿ ਪੰਜਾਬ ਵਿੱਚ ਭਾਰੀਂ ਮੀਂਹ ਅਤੇ ਹਿਮਾਚਲ ਵਿੱਚ ਬੱਦਲਾਂ ਦੇ ਫੱਟਣ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਜਿਆਦਾ ਵਧਣ ਕਾਰਨ ਫਿਰੋਜ਼ਪੁਰ ਦੇ ਸਤਲੁਜ ਲਾਗਲੇ ਪਿੰਡਾਂ ਵਿੱਚ ਆਏ ਹੜ੍ਹਾਂ ਕਾਰਨ ਅੱਜ ਸੁੱਕੇ ਰਾਸ਼ਨ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਮਦਦ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਹਰੇ ਚਾਰੇ ਦੀ ਬਹੁਤ ਲੋੜ ਹੈ।
ਸ. ਸੇਖੋਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਸੀ ਭਾਈਚਾਰਾ ਦਿਖਾਉਂਦੇ ਹੋਏ ਵੱਧ ਤੋਂ ਵੱਧ ਮਦਦ ਕਰਨ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਲੋਕਾਂ ਨੂੰ ਰਾਸ਼ਨ ਭੇਜਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅੱਗੇ ਹੋ ਕੇ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਹੋਰ ਜ਼ਰੂਰੀ ਵਸਤਾਂ ਜਿਵੇਂ ਕਿ ਸੁੱਕਾ ਰਾਸ਼ਨ, ਪਸ਼ੂਆ ਲਈ ਹੋਰ ਚਾਰੇ ਆਦਿ ਦੀਆਂ ਗੱਡੀਆਂ ਭੇਜਣ ਦਾ ਸਿਲਸਿਲਾ ਜਾਰੀ ਰਹੇਗਾ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ.ਅਮਨਦੀਪ ਸਿੰਘ ਬਾਬਾ, ਸ. ਅਮਰਜੀਤ ਸਿੰਘ ਪਰਮਾਰ ਤੋਂ ਇਲਾਵਾ ਹੋਰ ਹਾਜ਼ਰ ਸਨ।