ਕਾਂਗਰਸ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਸਿਰ ਭੰਨਿਆ ਪੰਜਾਬ ਵਿੱਚ ਆਏ ਹੜ੍ਹਾਂ ਦਾ ਠੀਕਰਾ
ਅਸ਼ੋਕ ਵਰਮਾ
ਬਠਿੰਡਾ, 29ਅਗਸਤ 2025:ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਪੰਜਾਬ ਦੇ ਸਹਿ ਇੰਚਾਰਜ ਰਵਿੰਦਰ ਰਾਉ ਉੱਤਮ ਡਾਲਵੀਆ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੇ ਨੁਕਸਾਨ ਨੂੰ ਦੋਨਾਂ ਸਰਕਾਰਾਂ ਦੀ ਮਿਲੀ ਭੁਗਤ ਕਰਾਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਕਿੰਗਰਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਰਾਜਨ ਗਰਗ ,ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਖੁਸ਼ਬਾਜ ਸਿੰਘ ਜਟਾਣਾ, ਟਹਿਲ ਸਿੰਘ ਸੰਧੂ, ਰਨਜੀਤ ਸਿੰਘ ਗਹਿਰੀ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਆਦਿ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਰਵਿੰਦਰ ਡਾਲਵੀਆਂ ਨੇ ਕਿਹਾ ਕਿ ਭਾਜਪਾ ਸਿਆਸੀ ਖੇਡਾਂ ਕਰਕੇ ਪਾਣੀ ਨਾਲ ਪੰਜਾਬ ਨੂੰ ਡੋਬਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦੀ ਸੱਤਾ ਤੇ ਕਾਬਜ ਹੋ ਸਕੇ।
ਉਹਨਾਂ ਕਿਹਾ ਕਿ ਇਸ ਦੀ ਹਮਾਇਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਕਿਉਂਕਿ ਆਪ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ ਅਤੇ ਮਿਲੀ ਭੁਗਤ ਕਰਕੇ ਹੀ ਸੂਬੇ ਦਾ ਨੁਕਸਾਨ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਚੋਰੀ ਨਾਲ ਸਤਾ ਤੇ ਕਾਬਜ ਹੋ ਰਹੇ ਹਨ ਪਰ ਹੁਣ ਇਹਨਾਂ ਦੀਆਂ ਸਿਆਸੀ ਖੇਡਾਂ ਨਹੀਂ ਚੱਲਣਗੀਆਂ ਉਹਨਾਂ ਕਿਹਾ ਕਿ ਵਿਰੋਧੀ ਧਿਰਾ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾ ਅਰਜਨ ਖੜਗੇ ਦੀ ਅਗਵਾਈ ਵਿੱਚ ਕਾਂਗਰਸ ਸੰਵਿਧਾਨ ਨੂੰ ਬਚਾਉਣ ਅਤੇ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਲਈ ਬਚਨਵੱਧ ਹੈ ਅਤੇ ਮੋਦੀ ਸਰਕਾਰ ਤੇ ਮਾਨ ਸਰਕਾਰ ਦੀਆਂ ਸਾਜਿਸ਼ਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੜਾਂ ਨਾਲ ਹੋਏ ਨੁਕਸਾਨ ਨੂੰ ਕੁਦਰਤੀ ਆਫਤ ਦਾ ਐਲਾਨ ਨਹੀਂ ਕਰਦੀ ਉਦੋਂ ਤੱਕ ਕੇਂਦਰੀ ਫੰਡ ਨਹੀਂ ਮਿਲੇਗਾ। ਉਹਨਾਂ ਦੋਸ਼ ਲਾਇਆ ਕਿ ਹੁਣ ਤੱਕ ਮਾਨ ਸਰਕਾਰ ਨੇ ਕਦੇ ਵੀ ਹੜਾਂ ਦੀ ਰੋਕਥਾਮ ਲਈ ਸਬੰਧਤ ਵਿਭਾਗਾਂ ਦੀਆਂ ਕੋਈ ਮੀਟਿੰਗਾਂ ਨਹੀਂ ਕੀਤੀਆਂ ਤੇ ਨਾ ਹੀ ਹੜਾਂ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕੋਈ ਮੀਟਿੰਗਾਂ ਕੀਤੀਆਂ ਜਿਸ ਕਰਕੇ ਅਚਨਚੇਤ ਆਏ ਇਸ ਹੜ ਅਤੇ ਸਿਆਸੀ ਦਖਲ ਅੰਦਾਜੀ ਕਰਕੇ ਸੂਬੇ ਦੇ ਹਾਲਾਤ ਵਿਗੜ ਗਏ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਘਰੋਂ ਬੇਕਰ ਹੋਣਾ ਪਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਆਪਣੀ ਜਿੰਮੇਵਾਰੀ ਸਮਝਣ ਤੇ ਹੋ ਰਹੇ ਨੁਕਸਾਨ ਤੇ ਤੁਰੰਤ ਮੁਆਵਜ਼ੇ ਦਾ ਐਲਾਨ ਕਰਨ ਅਤੇ ਕੁਦਰਤੀ ਆਫਤ ਐਲਾਨ ਕਰਕੇ ਕੇਂਦਰ ਤੋਂ ਫੰਡ ਮੰਗਣ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਤੋਂ ਵੱਡੀ ਨਲਾਇਕੀ ਕੀ ਹੋ ਸਕਦੀ ਹੈ ਕਿ ਉਹ ਹਾਲੇ ਤੱਕ ਕੇਂਦਰ ਤੋਂ ਮਦਦ ਮੰਗਣ ਲਈ ਅੱਗੇ ਨਹੀਂ ਆਏ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਕੇ ਪੰਜਾਬ ਨੂੰ ਬਰਬਾਦ ਕਰਨ ਵੱਲ ਤੁਲੇ ਹੋਏ ਹਨ ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਆਉਣ ਦੀ ਲੋੜ ਹੈ। ਉਹਨਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਾਫ ਅਕਸ਼ ਵਾਲੇ ਉਮੀਦਵਾਰ ਚੋਣ ਮੈਦਾਨ ਵਿੱਚ ਐਲਾਨਣ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਅਣ ਕਰਨਾ ਜਾ ਨਾ ਕਰਨਾ ਹਾਈ ਕਮਾਂਡ ਦਾ ਸਿਸਟਮ ਹੈ ਉਸ ਵਿੱਚ ਪੰਜਾਬ ਦੇ ਲੀਡਰ ਦਖਲ ਅੰਦਾਜੀ ਨਹੀਂ ਕਰ ਸਕਦੇ ਪਰ ਸੋਚ ਇਹ ਹੈ ਕਿ ਇੱਕ ਮਜਬੂਤ ਉਮੀਦਵਾਰਾਂ ਨਾਲ ਚੰਗੇ ਅਕਸ਼ ਵਾਲੇ ਕੈਂਡੀਡੇਟ ਸਾਹਮਣੇ ਲਿਆਂਦੇ ਜਾਣ ਜੋ ਪੰਜਾਬ ਦੇ ਭਲੇ ਲਈ ਕੰਮ ਕਰਨ ਦਾ ਜਜ਼ਬਾ ਰੱਖਦੇ ਹੋਣ।