ਸਿਹਤ ਵਿਭਾਗ ਨੂੰ ਦਰਿਆ ਨੇੜਲੇ ਪਿੰਡਾਂ ਵਿਚ ਮੁਸ਼ਤੈਦੀ ਵਰਤਣ ਦੇ ਆਦੇਸ਼
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 29 ਅਗਸਤ ,2025
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਦਰਿਆਵਾਂ ਅਤੇ ਨਹਿਰਾਂ ਨੇੜੇ ਵਸੋ ਵਾਲੇ ਇਲਾਕਿਆਂ ਵਿੱਚ ਪੂਰੀ ਮੁਸ਼ਤੈਦੀ ਰੱਖੀ ਜਾਵੇ। ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਵਿੱਚ ਆ ਸਕਦੇ ਹਨ ਜਾਂ ਕਿਤੇ ਵੀ ਬਰਸਾਤਾ ਦਾ ਪਾਣੀ ਇਕੱਠਾ ਹੋ ਰਿਹਾ ਹੈ, ਉਨ੍ਹਾਂ ਇਲਾਕਿਆਂ ਵਿਚ ਦਵਾਈ ਦਾ ਛਿੜਕਾਓ ਕੀਤਾ ਜਾਵੇ। ਸਿਹਤ ਵਿਭਾਗ ਲੋਕਾਂ ਨੂੰ ਚੋਕਸ ਕਰੇ ਕਿ ਉਹ ਸਾਵਧਾਨੀਆਂ ਅਪਨਾ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ।
ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਡਾ.ਬਲਵਿੰਦਰ ਕੌਰ ਸਿਵਲ ਸਰਜਨ ਰੂਪਨਗਰ ਦਿਸ਼ਾ ਨਿਰਦੇਸ਼ਾ ਤੇ ਵਧੀਕ ਸਿਵਲ ਸਰਜਨ ਤੇ ਫਲੱਡ ਨੋਡਲ ਅਫ਼ਸਰ, ਰੂਪਨਗਰ ਡਾ.ਬੌਬੀ ਗੁਲਾਟੀ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਾਰੇ ਹੜ੍ਹ ਸੰਭਾਵਿਤ ਇਲਾਕਿਆਂ ਵਿਚ ਬਿਮਾਰੀਆਂ ਫ਼ੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਰੂਪਨਗਰ ਦੇ ਵਧੀਕ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਵੱਲੋਂ ਹੜ੍ਹ ਸੰਭਾਵਿਤ ਇਲਾਕਿਆਂ ਵਿਚ 24 ਘੰਟੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਆਰ.ਆਰ.ਟੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਉੱਥੇ ਹੀ ਇਹਨਾਂ ਇਲਾਕਿਆਂ ਵਿਚ ਬਿਮਾਰੀਆਂ ਫ਼ੈਲਣ ਤੋਂ ਰੋਕਣ ਲਈ ਦਵਾਈ ਦਾ ਛਿੜਕਾਓ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਟੀਮ ਵੱਲੋਂ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਮੁਹਿੰਮ ਤਹਿਤ ਹੜ੍ਹ ਸੰਭਾਵਿਤ ਪਿੰਡ ਗੱਜਪੁਰ, ਚੰਦਪੁਰ, ਮਹਿੰਦਲੀ ਕਲਾਂ ਅਤੇ ਹਰੀਵਾਲ ਵਿਚ ਖੜ੍ਹੇ ਪਾਣੀ 'ਚ ਦਵਾਈ ਦਾ ਛਿੜਕਾਅ ਕੀਤਾ ਗਿਆ ਤਾਂ ਜੋ ਡੇਂਗੂ, ਮਲੇਰੀਆ ਆਦਿ ਫ਼ੈਲਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਗਈ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾ.ਜੰਗਜੀਤ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਉਸਾਰੀ ਅਧੀਨ ਇਮਾਰਤਾਂ ਦਾ ਜਾਇਜ਼ਾ ਲਿਆ। ਉਹਨਾਂ ਉੱਥੇ ਪਏ ਸਮਾਨ ਗਮਲੇ, ਡਰੱਮ ਆਦਿ ਦਾ ਮੁਆਇਨਾ ਕੀਤਾ ਅਤੇ ਉਹਨਾਂ ਵਿਚ ਖੜ੍ਹਾ ਪਾਣੀ ਹਟਾਇਆ ਗਿਆ ਅਤੇ ਲਾਰਵਾ ਮਿਲਣ 'ਤੇ ਦਵਾਈ ਦਾ ਛਿੜਕਾਅ ਕਰਕੇ ਤੁਰੰਤ ਨਸ਼ਟ ਕੀਤਾ ਗਿਆ।
ਇਸ ਮੌਕੇ ਐੱਸ.ਐੱਮ.ਆਈ ਸਿਕੰਦਰ ਸਿੰਘ, ਹੈਲਥ ਇੰਸਪੈਕਟਰ ਸੁਖਦੀਪ ਸਿੰਘ, ਸੀ.ਐੱਚ.ਓ ਪੂਨਮ, ਸੀ.ਓ ਭਰਤ ਕਪੂਰ, ਏ.ਐੱਨ.ਐੱਮ ਕੁਲਵਿੰਦਰ ਕੌਰ, ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ, ਸੰਜੀਵ ਕੁਮਾਰ, ਰਵਿੰਦਰ ਸਿੰਘ ਅਤੇ ਵਰਿੰਦਰ ਸਿੰਘ ਤੋਂ ਇਲਾਵਾ ਵੀ.ਐਚ.ਐਨ.ਸੀ ਮੈਂਬਰ, ਆਸ਼ਾ ਵਰਕਰ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ।