ਸੀਵਰੇਜ਼ ਦੀ ਗੰਦਗੀ : ਸੰਗਤ ਮੰਡੀ ਵਾਸੀਆਂ ਨੇ ਸਰਕਾਰ ਖਿਲਾਫ ਪੁਆੜਾ ਪਾਇਆ
ਅਸ਼ੋਕ ਵਰਮਾ
ਬਠਿੰਡਾ, 29 ਅਗਸਤ 2025: ਪਿਛਲੇ ਕਈ ਮਹੀਨਿਆਂ ਤੋਂ ਸੰਗਤ ਮੰਡੀ ਦੇ ਬਜ਼ਾਰਾਂ ਅਤੇ ਗਲੀਆਂ ’ਚ ਫਿਰਦੇ ਸੀਵਰੇਜ਼ ਦੇ ਗੰਦੇ ਪਾਣੀ ਖਿਲਾਫ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪੁਆੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਸੀਵਰੇਜ਼ ਦੀ ਗਾਰ ਨਾਲ ਜੂਝ ਰਹੇ ਲੋਕਾਂ ਨੇ ਅਣਮਿਥੇ ਸਮੇਂ ਦਾ ਧਰਨਾ ਲਾਕੇ ਨਾਂ ਕੇਵਲ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਨਿਕਲਦਾ ਉਹ ਧਰਨਾ ਜਾਰੀ ਰੱਖਣਗੇ ਬਲਕਿ ਦੁਕਾਨਦਾਰਾਂ ਨੇ ਸੰਗਤ ਮੰਡੀ ਵਿਕਾਊ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸ਼ਨ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਦੇਕੇ ਸਾਰਦਾ ਆ ਰਿਹਾ ਹੈ ਪਰ ਹੁਣ ਉਹ ਕਿਸੇ ਝਾਂਸੇ ’ਚ ਨਹੀਂ ਆਉਣਗੇ। ਹੁਣ ਜਦੋਂ ਦਾ ਮੀਂਹ ਪਿਆ ਹੈ ਤਾਂ ਉਸ ਤੋਂ ਬਾਅਦ ਤਾਂ ਗਲੀਆਂ ਬਜ਼ਾਰਾਂ ’ਚ ਫੈਲੀ ਅੱਤ ਦੀ ਗੰਦਗੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ।

ਦੁਕਾਨਦਾਰ ਆਖਦੇ ਹਨ ਕਿ ਪਹਿਲਾਂ ਕਾਂਗਰਸ ਨੇ ਪੰਜ ਸਾਲ ਸਾਰ ਨਹੀਂ ਲਈ ਤੇ ਮੌਜੂਦਾ ਸਰਕਾਰ ਦੇ ਤਿੰਨ ਸਾਲ ਮਗਰੋਂ ਵੀ ਗੰਦਗੀ ਤੋਂ ਖਹਿੜਾ ਨਹੀਂ ਛੁੱਟ ਸਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਹਾਲਤ ਏਨੀ ਬਦਤਰ ਹੋ ਗਈ ਹੈ ਜਿਸ ਨੂੰ ਬਿਆਨ ਕਰਨਾ ਵੀ ਮੁਸ਼ਕਲ ਹੈ । ਗੰਦੇ ਪਾਣੀ ਦੀ ਬਦਬੂ ਨੇ ਲੋਕਾਂ ਦੇ ਨੱਕ ਬੰਦ ਕਰਾ ਦਿੱਤੇ ਹਨ ਜਿਸ ਨੂੰ ਲੈਕੇ ਮੰਡੀ ਵਾਸੀਆਂ ’ਚ ਰੋਸ ਦਾ ਮਹੌਲ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਲੰਘੇ ਕਈ ਵਰਿ੍ਹਆਂ ਤੋਂ ਸੰਗਤ ਮੰਡੀ ਦੇ ਸੀਵਰੇਜ ਦਾ ਇਹ ਹਾਲ ਹੈ ਜੋਕਿ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਸੀ। ਮੰਡੀ ਵਾਸੀ ਸੁਰਿੰਦਰ ਕੁਮਾਰ ਛਿੰਦੀ, ਮੁਨੀਸ਼ ਕੁਮਾਰ ਟਿੰਕੂ, ਪ੍ਰਵੀਨ ਚੰਦਰ ਕਾਕਾ ਅਤੇ ਸ਼ਸ਼ੀ ਸ਼ਰਮਾ ਦਾ ਕਹਿਣਾ ਸੀ ਕਿ ਸ਼ਹਿਰ ਦੇ ਮੁੱਖ ਬਜ਼ਾਰਾਂ ’ਚ ਖਲੋਤਾ ਸੀਵਰੇਜ਼ ਦਾ ਗੰਦਾ ਪਾਣੀ ਹੁਣ ਬਿਮਾਰੀਆਂ ਵੰਡਣ ਲੱਗਿਆ ਹੈ।
ਉਨ੍ਹਾਂ ਕਿਹਾ ਕਿ ਕਾਲੇ ਪਾਣੀ ਚੋਂ ਮਾਰਦੀ ਸੜਾਂਦ ਕਾਰਨ ਗਾਹਕ ਆਉਣੇ ਬੰਦ ਹੋ ਗਏ ਹਨ ਜਿਸ ਕਰਕੇ ਹਰ ਦੁਕਾਨਦਾਰ ਦਾ ਕੰਮ ਧੰਦਾ ਠੱਪ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕੋਈ ਕਾਰੋਬਾਰ ਹੀ ਨਹੀਂ ਰਹੀ ਰਿਹਾ ਤਾਂ ਮੰਡੀ ਵਾਸੀਆਂ ਨੂੰ ਮਜਬੂਰੀ ਵੱਸ ਆਪਣੀਆਂ ਦੁਕਾਨਾਂ ਦੇ ਘਰ ਬਾਰ ਵੇਚਣ ਦਾ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਤਹਿਤ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਧੱਕੇ ਨਾਲ ਖਰੀਦ ਕੇ ਕਾਲੋਨੀਆਂ ਬਨਾਉਣ ਲਈ ਤਰਲੋਮੱਛੀ ਹੋ ਰਹੀ ਹੈ, ਜਦੋਂਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਓਧਰ ਅੱਜ ਮੰਡੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਤੇ ਸਮੱਸਿਆ ਤੋਂ ਜਾਣੂੰ ਕਰਵਾਇਆ। ਇਸ ਮੌਕੇ ਚਿਮਨ ਲਾਲ ਬਾਂਸਲ, ਵਿਜੈ ਕੁਮਾਰ ਗਰਗ, ਰਾਜੇਸ਼ ਮਿੱਤਲ,ਅਸ਼ੋਕ ਕੁਮਾਰ ਗੋਇਲ, ਰਵੀ ਗੋਇਲ, ਦੀਪਕ ਸ਼ਰਮਾ, ਕਪਿਲ ਸ਼ਰਮਾ ਅਤੇ ਭੂਸ਼ਨ ਕੁਮਾਰ ਆਦਿ ਹਾਜ਼ਰ ਸਨ।