ਬਟਾਲਾ : ਸੰਗਤਾਂ ਨੂੰ ਸੜਕਾਂ ਪੁੱਟ ਕੇ ਕਨਾਤਾਂ ਨਾ ਲਾਉਣ ਦੀ ਅਪੀਲ
ਬੋਰੀਆਂ ਜਾਂ ਵੱਟੇ ਆਦਿ ਬੰਨ੍ਹ ਕੇ ਕਨਾਤ ਲਗਾ ਕੇ ਹੀ ਲੰਗਰ ਵਰਤਾਇਆ ਜਾਵੇ
Rohit Gupta
ਬਟਾਲਾ, 29 ਅਗਸਤ : ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਸ਼ਹਿਰ ਵਿਖੇ ਸਫਾਈ ਆਦਿ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ ਤਾਂ ਉਨਾਂ ਦੇਖਿਆ ਕਿ ਬਹੁਤ ਸਾਰੇ ਲੋਕ ਸੜਕਾਂ ਪੁੱਟ ਕੇ ਕਨਾਤਾਂ ਲਗਾ ਰਹੇ ਸਨ, ਜਿਸ ਸਬੰਧੀ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਨਾਤ ਲਗਾਉਣ ਲਈ ਸੜਕ ਵਿੱਚ ਟੋਏ ਨਾ ਪਾਉਣ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੜਕ ’ਤੇ ਲੰਗਰ ਲਗਾਉਣ ਲਈ ਕਨਾਤ ਲਗਾਉਣੀ ਹੀ ਹੈ ਤਾਂ ਕਨਾਤ ਨੂੰ ਬੋਰੀਆਂ ਜਾਂ ਵੱਟਿਆਂ ਦੇ ਨਾਲ ਬੰਨ੍ਹ ਲਿਆ ਜਾਵੇ। ਇਸ ਨਾਲ ਇਕ ਤਾਂ ਸੜਕ ਨਾ ਖਰਾਬ ਹੋਵੇ ਅਤੇ ਦੂਜਾ ਕਨਾਤ ਸੜਕ ਤੋਂ ਹੱਟਵੀਂ ਹੀ ਲਗਾਈ ਜਾਵੇ, ਤਾਂ ਜੋ ਸੰਗਤਾਂ ਨੂੰ ਆਵਾਜਾਈ ਦੌਰਾਨ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਕਮਿਸ਼ਨਰ ਬਟਾਲਾ ਨੇ ਅੱਗੇ ਕਿਹਾ ਕਿ ਇਸ ਮਹਾਨ ਤੇ ਪਾਵਨ ਵਿਆਹ ਪੁਰਬ ਮੌਕੇ ਸਾਨੂੰ ਸੰਗਤਾਂ ਦੀ ਆਵਾਜਾਈ ਦਾ ਖਿਆਲ ਰੱਖਦੇ ਹੋਏ ਸੜਕਾਂ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਨਾਂ ਉੱਪਰ ਅਸੀਂ ਹੀ ਸਾਰਿਆਂ ਨੇ ਗੁਜਰਨਾ ਹੁੰਦਾ ਹੈ। ਇਸ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤੇ ਜਾਵੇ ਅਤੇ ਰਲਮਿਲ ਕੇ ਵਿਅਹ ਪੁਰਬ ਸਮਾਗਮ ਮਨਾਏ ਜਾਣ।