'ਲੋਕ-ਰਾਜ' ਪੰਜਾਬ ਦੀ "ਪੰਜਾਬ ਬਚਾਓ" ਮੁਹਿੰਮ ਨੂੰ ਸਿੱਖ ਸੰਗਤ ਅਤੇ ਪੰਚਾਇਤਾਂ ਵੱਲੋਂ ਭਰਵਾਂ ਹੁੰਗਾਰਾ
ਪਟਿਆਲਾ, ਮਿਤੀ: 28 ਅਗਸਤ, 2025 - ਅੱਜ ਇਥੇ ਗੁਰਦਵਾਰਾ ਦੂਖ਼ਨਿਵਾਰਨ ਸਾਹਿਬ ਵਿਖੇ ਪੰਚਮੀ ਤੇ ਜੋੜਾਘਰ ਵਿੱਚ ਸੰਗਤ ਸੰਗਤ ਦੇ ਜੋੜਿਆ ਦੀ ਸੇਵਾ ਨਿਭਾਉਂਦੀਆਂ ਘੁਰਾਮ, ਸ਼ੇਰਗੜ੍ਹ, ਦੇਵੀਗੜ੍ਹ ਵਗੈਰਾ ਕਈ ਪਿੰਡਾਂ ਦੀਆਂ ਪੰਚਾਇਤਾਂ, ਅਤੇ ਸਿੱਖ-ਸੰਗਤ ਨੇ, 'ਲੋਕ-ਰਾਜ' ਪੰਜਾਬ, ਪੰਜਾਬ ਵਿਦਿਆਰਥੀ ਪ੍ਰੀਸ਼ਦ ਅਤੇ ਪੰਜਾਬ ਮੇਡੀਕੋਜ਼ ਯੂਨੀਅਨ ਦੀ ਸਾਂਝੀ ਅਪੀਲ ਤੇ "ਨਸਲਾਂ ਫ਼ਸਲਾਂ ਪੰਜਾਬ ਬਚਾਓ" ਮੁਹਿੰਮ ਵਿੱਚ ਸਰਗਰਮ ਹਿੱਸਾ ਲੈਣ ਦਾ ਭਰਵਾਂ ਹੁੰਗਾਰਾ ਭਰਿਆ ਹੈ।
ਇਹਨਾਂ ਪਿੰਡਾਂ ਦੇ ਵਸਨੀਕਾਂ ਅਤੇ ਪੰਚਾਇਤਾਂ ਅਤੇ ਪੰਚਮੀ ਤੇ ਹਾਜ਼ਰ ਸਿੱਖ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਨੂੰ ਹੜ੍ਹ ਨਾਲ ਨੁਕਸਾਨ ਹੁੰਦਾ ਵਿਖਾਉਣ ਤੋਂ ਤੁਰੰਤ ਬਾਅਦ ਪੋੌਂਗ ਡੈਮ ਤੋਂ ਇੱਕ ਲੱਖ ਕਿਊਸਿਕ ਪਾਣੀ ਛੱਡ ਕੇ ਹੜ੍ਹਾਂ ਦੀ ਸ਼ੁਰੂਆਤ ਹੋਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਭਾਖੜਾ ਬਿਆਸ ਮਨਾਗਮੇਂਟ ਬੋਰਡ ਵਿਰੁੱਧ ਰੋਸ ਵਿਖਾਵਾ ਵੀ ਕੀਤਾ।
ਹਾਜ਼ਰ ਸਿੱਖ ਸੰਗਤ ਅਤੇ ਪੰਚਾਇਤਾਂ ਨੇ ਭਾਖ਼ੜਾ-ਨੰਗਲ ਪੌਂਗ ਤੇ ਰਣਜੀਤ ਸਾਗਰ ਡੈਮਾਂ ਦਾ ਕੰਟਰੋਲ ਸੈਂਟਰ ਤੋਂ ਪੰਜਾਬ ਨੂੰ ਦਿਵਾਉਣ ਲਈ ਆਪੋ ਆਪਣੇ ਪਿੰਡਾਂ ਦੀਆਂ "ਗ੍ਰਾਮ-ਸਭਾਵਾਂ ਦੇ ਮਤੇ" ਪਵਾਉਣ ਦੀ ਵਿਆਪਕ ਲੋਕ-ਲਹਿਰ ਉਸਾਰ ਕੇ ਨਿੱਤ ਦੇ ਹੜ੍ਹਾਂ ਰਾਹੀਂ ਉਜਾੜੇ ਦਾ ਪੱਕਾ ਇਲਾਜ਼ ਕਰਨ ਦਾ ਯਕੀਨ ਦਿਵਾਇਆ।
ਸੰਗਤ ਨੂੰ ਸੰਬੋਧਨ ਕਰਦੇ ਹੋਏ, 'ਪੰਜਾਬ ਵਿਦਿਆਰਥੀ ਪ੍ਰੀਸ਼ਦ' ਅਤੇ "ਸੈਫ਼ੀ" ਵਿਦਿਆਰਥੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਯਾਦਵਿੰਦਰ ਸਿੰਘ "ਯਾਦੂ", ਅਤੇ ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਲੋਕ-ਰਾਜ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਨੇ "ਭਾਖੜਾ-ਨੰਗਲ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਦਾ ਕੰਟਰੋਲ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਣ ਦੀ ਮੰਗ ਕੀਤੀ ਹੈ। ਕਿਉਂਕਿ ਪੰਜਾਬ ਨੂੰ ਵਾਰ-ਵਾਰ ਫਸਲਾਂ ਅਤੇ ਜਾਨਮਾਲ ਦਾ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਭ ਮਾਰੂ ਨੁਕਸਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ) ਦੇ ਨਾਲਾਇਕ ਪ੍ਰਬੰਧ ਅਤੇ ਲਾਪਰਵਾਹੀ ਕਾਰਨ ਆਏ ਭਿਆਨਕ ਹੜ੍ਹਾਂ ਕਾਰਨ ਹੋ ਰਿਹਾ ਹੈ।
ਜੋ ਪ੍ਰਬੰਧ ਰਿਪੇਰੀਅਨ ਰਾਜ ਹੋਣ ਦੇ ਬਾਵਜ਼ੂਦ ਗੈਰ-ਰਿਪੇਰੀਅਨ ਰਾਜਾਂ ਦੇ ਹੱਥਾਂ ਵਿੱਚ ਦੇ ਕੇ ਪੰਜਾਬ ਨੂੰ ਉਹਨਾ ਦੇ ਰਹਿਮੋ ਕਰਮ ਤੇ ਛੱਡ ਦਿੱਤੋ ਗਿਆ ਹੈ। ਜਿਸ ਕਰਕੇ ਪੰਜਾਬ ਨਿੱਤ ਦੇ ਮਾਰੂ ਹੜ੍ਹਾਂ ਦਾ ਸ਼ਿਕਾਰ ਬਣ ਕੇ ਰਹਿ ਗਿਆ ਹੈ।