ਹੜ੍ਹਾਂ ਦੀ ਭਿਆਨਕ ਸਥਿਤੀ ਵੱਲ ਸਰਕਾਰ ਨੇ ਬਿਲਕੁਲ ਵੀ ਨਹੀਂ ਦਿੱਤਾ ਧਿਆਨ: ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ,28 ਅਗਸਤ 2025: ਅੱਜ ਪੰਜਾਬ ਦੇ ਵਿੱਚ ਬਹੁਤ ਮੁਸ਼ਕਲ ਦਾ ਦੌਰ ਚੱਲ ਰਿਹਾ ਹੈ। ਬਹੁਤ ਮੁਸ਼ਕਲ ਦੀ ਘੜੀ ਹੈ ਕਿ ਪੰਜਾਬ ਦੇ ਜਿੰਨ੍ਹੇ ਵੀ ਇਲਾਕੇ ਦਰਿਆਵਾਂ ਦੇ ਨਾਲ ਲੱਗ ਰਹੇ ਹਨ ਸਾਰੇ ਹੀ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਨਹੀਂ ਕਿ ਇਹ ਹੜ੍ਹ ਅਚਾਨਕ ਹੀ ਆ ਗਏ, ਇਹ ਪਿਛਲੇ 10-12 ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਪਾਣੀ ਦਾ ਪੱਧਰ ਵਧ ਰਿਹਾ ਹੈ। ਹਿਮਾਚਲ ’ਚ ਬਾਰਿਸ਼ਾਂ ਆਈਆਂ ਹੋਈਆਂ ਤੇ ਪਾਣੀ ਅੱਗੇ ਵੱਧ ਰਿਹਾ ਹੈ ਅਤੇ ਪੰਜਾਬ ’ਚ ਬਾਰਿਸ਼ਾਂ ਹਨ। ਇਹ ਸਭ ਪਤਾ ਲੱਗ ਚੁੱਕਾ ਸੀ ਕਿ ਪੰਜਾਬ ’ਚ ਹੜ੍ਹਾਂ ਦੀ ਸਥਿਤੀ ਬਣ ਚੁੱਕੀ ਹੈ ਤੇ ਹੜ੍ਹ ਆਉਣਗੇ ਪਰ ਪੰਜਾਬ ਸਰਕਾਰ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਹੁੰਦਾ ਸੀ ਕਿ ਪਹਿਲਾਂ ਸਫ਼ਾਈਆਂ ਹੋ ਜਾਣੀਆਂ ਚਾਹੀਦੀਆਂ ਹਨ ਏਦਾਂ ਹੜ੍ਹ ਕਿਵੇਂ ਆਉਂਦੇ ਹਨ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਪਰ ਇਨ੍ਹਾਂ ਨੇ ਤਾਂ ਹੜ੍ਹ ਸਿਰ ’ਤੇ ਆਉਣ ’ਤੇ ਵੀ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਆਪ ਤਾਂ ਦੂਜੇ ਰਾਜਾਂ ਦੇ ਦੌਰੇ ਕਰ ਰਿਹਾ ਤੇ ਇਨ੍ਹਾਂ ਦੇ ਮੰਤਰੀ ਵੀ ਸਿਰਫ ਘਰਾਂ ਤੱਕ ਹੀ ਵੀਡੀਓ ਬਣਾਉਣ ਤੱਕ ਸੀਮਤ ਹਨ ਕਿ ਮੇਰੀ ਗਲੀ ’ਚ ਪਾਣੀ ਕਿਉਂ ਆ ਗਿਆ। ਇਹ ਨਹੀਂ ਕਿ ਤੁਸੀਂ ਇਕ ਗਲੀ ਦੇ ਮੰਤਰੀ ਹੋ ਤੁਸੀਂ ਇਕ ਸਟੇਟ ਦੇ ਮੰਤਰੀ ਹੋ। ਤੁਸੀਂ ਆਪਣੀ ਗਲੀ ਬਾਰੇ ਤਾਂ ਅਫ਼ਸਰਾਂ ਨੂੰ ਕਹਿ ਰਹੇ ਹੋ ਕਿ ਮੇਰੇ ਬੂਹੇ ਅੱਗੇ ਪਾਣੀ ਕਿਉਂਕਿ ਆ ਗਿਆ ਪਰ ਤੁਸੀਂ ਇਹ ਨਹੀਂ ਦੇਖਿਆ ਕਿ ਲੋਕਾਂ ਦੇ ਤਾਂ ਘਰ ਡੁੱਬ ਗਏ, ਉਦੋਂ ਇਹ ਨਿਕਲ ਕੇ ਘਰੋਂ ਬਾਹਰ ਨਹੀਂ ਗਏ।
ਉਹਨਾਂ ਕਿਹਾ ਕਿ ਇਸਤੋਂ ਵੀ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਕੋਲ ਰਾਜਨੀਤੀ ਕਰਨ ਵਾਸਤੇ, ਪ੍ਰੈਸ ਕਾਨਫਰੰਸਾਂ ਕਰਨ ਵਾਸਤੇ ਤਾਂ ਪੈਸਾ ਸੀ ਕਿ ਰਾਸ਼ਨ ਕੱਟੇ ਗਏ ਜੀ, ਉਦੋਂ ਵੀ ਪੰਜਾਬ ’ਚ ਹੜ੍ਹ ਆਏ ਹੋ ਸੀ ਪਰ ਉਦੋਂ ਇਨ੍ਹਾਂ ਨੂੰ ਹੜ੍ਹ ਆਏ ਦਿਖਾਈ ਨਹੀਂ ਦਿੱਤੇ। ਹੁਣ ਜਦੋਂ ਸਿਰਤੋਂ ਪਾਣੀ ਲੰਘ ਗਿਆ, ਮਾਧੋਪੁਰ ਦੇ ਫਲੱਡ ਗੇਟ ਟੁੱਟ ਗਏ, ਐਨਾਂ ਪਾਣੀ ਆ ਗਿਆ ਕਿ ਚਾਰ ਚੁਫੇਰੇ ਪਾਣੀ ਹੈ। ਇੱਥੋਂ ਤੱਕ ਕਿ ਜਿਹੜਾ ਮੰਤਰੀ ਹੈ ਮਹਾਰਾਜਾ ਸੰਤੋਜ ਉਸਦਾ ਆਪਣਾ ਪਿੰਡ ਡੁੱਬ ਗਿਆ। ਚਾਰੇ ਪਾਸੋਂ ਸੰਪਰਕ ਟੁੱਟ ਗਿਆ, ਕੋਈ ਅਗਾਂਊਂ ਪ੍ਰਬੰਧ ਨਹੀਂ, ਮੰਤਰੀ ਆਪਣਾ ਪਿੰਡ ਤੱਕ ਨਹੀਂ ਬਚਾਅ ਸਕਿਆ। ਮੰਤਰੀ ਅਗਾਂਊਂ ਪ੍ਰਬੰਧ ਕੀਤੇ ਹੋਣ ਦੇ ਝੂਠੇ ਬਿਆਨ ਦੇ ਰਹੇ ਹਨ। ਹੁਣ ਮੁੱਖ ਮੰਤਰੀ ਜਾ ਕੇ ਲੋਕਾਂ ’ਤੇ ਅਹਿਸਾਨ ਜਿਤਾ ਰਹੇ ਹਨ ਕਿ ਦੇਖੋਂ ਮੈਂ ਤਾਂ ਤੁਹਾਨੂੰ ਹੈਲੀਕਪਟਰ ਦੇ ਦਿੱਤਾ ਜੀ ਪਰ ਮੁੱਖ ਮੰਤਰੀ ਇਹ ਭੁੱਲ ਗਏ ਹੈਲੀਕਪਟਰ ਵੀ ਲੋਕਾਂ ਦਾ ਹੈ ਤੇ ਲੋਕਾਂ ਨੇ ਹੀ ਤੁਹਾਨੂੰ ਹੈਲੀਕਪਟਰ ’ਤੇ ਬਿਠਾਇਆ।
ਉਹਨਾਂ ਕਿਹਾ ਕਿ ਲੋਕ ਤਾਂ ਹੁਣ ਆਪ ਰੋ ਰਹੇ ਹਨ ਹਨ ਕਿ ਅਸੀਂ ਝਾੜੂ ਨੂੰ ਵੋਟਾਂ ਪਾਈਆਂ ਤੇ ਹੁਣ ਸਾਡੇ ਘਰਾਂ ’ਤੇ ਹੀ ਝਾੜੂ ਫਿਰ ਗਿਆ। ਉਨ੍ਹਾਂ ਕਿਹਾ ਕਿ ਇਹ ਫੇਲ੍ਹ ਸਰਕਾਰ ਹੈ, ਚੁਟਕਲਿਆਂ ਦੀ ਸਰਕਾਰ ਤੇ ਝੂਠਾਂ ਦੀ ਸਰਕਾਰ ਹੈ। ਇਹ ਲੋਕਾਂ ਲਈ ਕੁਝ ਨਹੀਂ ਕਰ ਸਕਦੀ ਸਿਵਾਏ ਲੋਕਾਂ ਦਾ ਨੁਕਸਾਨ ਕਰਨ ਦੇ, ਇਨ੍ਹਾਂ ਦੇ ਪੱਲੇ ਕੁਝ ਨਹੀਂ ਅਤੇ ਨਾ ਹੀ ਇਨ੍ਹਾਂ ਨੂੰ ਮੌਕਾ ਸੰਭਾਲਣਾ ਆਉਂਦਾ ਹੈ। ਸਤਾ ’ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ-ਵੱਡੀਆਂ ਟਾਹਰਾਂ ਮਾਰਦੇ ਸਨ ਕਿ ਜੇ ਝੋਨਾ ਦੁਬਾਰਾ ਲਾਉਣਾ ਪਿਆ ਤਾਂ ਮੈਂ ਉਸਦੀ ਦਿਹਾੜੀ ਵੀ ਦੇਵਾਂਗਾ, ਮੁਰਗੀ ਦੇ ਵੀ ਪੈਸੇ ਦੇਵਾਂਗਾ ਪਰ ਤੁਸੀਂ ਤਾਂ ਲੋਕਾਂ ਨੂੰ ਲੀਟਰ ਡੀਜ਼ਲ ਤੱਕ ਨਹੀਂ ਦੇ ਸਕੇੇ। ਉਨ੍ਹਾਂ ਕਿਹਾ ਕਿ ਪੰਜਾਬ ਰੁੜ ਰਿਹਾ ਹੈ ਇਸਨੂੰ ਸੰਭਾਲਣ ਲਈ ਸਰਕਾਰ ਜੰਗੀ ਪੱਧਰ ’ਤੇ ਪ੍ਰਬੰਧ ਕਰੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਖੜ੍ਹੀਏ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਮੱਦਦ ਕਰੀਏ।