ਬ੍ਰਹਮਪੁਰਾ ਵੱਲੋਂ ਹੜ੍ਹ ਪੀੜਤਾਂ ਲਈ ਮਦਦ ਦਾ ਸਿਲਸਿਲਾ ਜਾਰੀ, ਮੁੜ ਨਿੱਜੀ ਸਹਾਇਤਾ ਭੇਜੀ - ਬ੍ਰਹਮਪੁਰਾ
ਔਖੇ ਵੇਲੇ ਬਾਂਹ ਫੜਨ ਲਈ ਹਲਕਾ ਵਾਸੀ ਬ੍ਰਹਮਪੁਰਾ ਦੇ ਧੰਨਵਾਦੀ
ਤਰਨ ਤਾਰਨ 28 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹੜ੍ਹ ਪੀੜਤਾਂ ਲਈ ਨਿੱਜੀ ਤੌਰ 'ਤੇ ਮਦਦ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਦੋਂ ਕਿ 'ਆਪ' ਸਰਕਾਰ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਰਾਹਤ ਦਾ ਐਲਾਨ ਨਹੀਂ ਕੀਤਾ ਗਿਆ। ਇਹ ਜਾਣਕਾਰੀ ਅੱਜ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਹੌਰੀਆ ਨੇ ਦਿੱਤੀ।
ਲਹੌਰੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਦੋਂ ਗੋਇੰਦਵਾਲ ਸਾਹਿਬ ਬੰਨ੍ਹ 'ਤੇ ਕੰਮ ਕਰ ਰਹੇ ਟਰੈਕਟਰਾਂ ਲਈ ਡੀਜ਼ਲ ਦੀ ਮੁੜ ਕਮੀ ਆਈ ਤਾਂ ਉਨ੍ਹਾਂ ਨੇ ਹਲਕਾ ਇੰਚਾਰਜ ਸ੍ਰ. ਬ੍ਰਹਮਪੁਰਾ ਜੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਉਨ੍ਹਾਂ ਦੱਸਿਆ, "ਸਾਡੀ ਤੁਰੰਤ ਮੰਗ ਨੂੰ ਸਵੀਕਾਰ ਕਰਦਿਆਂ, ਸ੍ਰ. ਬ੍ਰਹਮਪੁਰਾ ਨੇ ਇੱਕ ਪਲ ਦੀ ਦੇਰੀ ਤੋਂ ਬਿਨਾਂ 21 ਹਜ਼ਾਰ ਰੁਪਏ ਦੀ ਹੋਰ ਮਦਦ ਡੀਜ਼ਲ ਲਈ ਭੇਜੀ ਹੈ।
ਉਨ੍ਹਾਂ ਅੱਗੇ ਕਿਹਾ, "ਬ੍ਰਹਮਪੁਰਾ ਸਾਹਿਬ ਦੀ ਇਹ ਮਦਦ ਲਗਾਤਾਰ ਜਾਰੀ ਹੈ। ਇਸ ਤੋਂ ਪਹਿਲਾਂ ਵੀ ਜਦੋਂ ਉਹ ਪਿੰਡ ਧੂੰਦਾ ਅਤੇ ਭੈਲ ਦਾ ਦੌਰਾ ਕਰ ਰਹੇ ਸਨ, ਤਾਂ ਉਨ੍ਹਾਂ ਨੇ ਰਾਹਤ ਕਾਰਜਾਂ ਲਈ ਆਪਣੀ ਨਿੱਜੀ ਜੇਬ੍ਹ ਵਿੱਚੋਂ 50 ਹਜ਼ਾਰ ਰੁਪਏ ਦੀ ਮਦਦ ਕੀਤੀ ਸੀ। ਇਹ ਸਾਬਤ ਕਰਦਾ ਹੈ ਕਿ ਉਹ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹਨ।
ਲਹੌਰੀਆ ਨੇ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇੱਕ ਪਾਸੇ ਸ੍ਰ. ਬ੍ਰਹਮਪੁਰਾ ਵਰਗੇ ਆਗੂ ਹਨ ਜੋ ਵਾਰ-ਵਾਰ ਨਿੱਜੀ ਮਦਦ ਕਰ ਰਹੇ ਹਨ, ਅਤੇ ਦੂਜੇ ਪਾਸੇ ਸਰਕਾਰ ਹੈ ਜਿਸਨੇ ਹਾਲੇ ਤੱਕ ਇੱਕ ਰੁਪਏ ਦੀ ਵੀ ਸਾਰ ਨਹੀਂ ਲਈ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਇਸ ਨਿਰੰਤਰ ਸੇਵਾ ਲਈ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਬਹੁਤ ਧੰਨਵਾਦੀ ਹਨ।
ਇਸ ਮੌਕੇ 'ਤੇ ਸ. ਕੁਲਦੀਪ ਸਿੰਘ ਲਹੌਰੀਆ ਦੇ ਨਾਲ ਸ੍ਰ. ਹਰਦੀਪ ਸਿੰਘ ਖੱਖ, ਸ੍ਰ. ਸੁਰਮੁੱਖ ਸਿੰਘ (ਨੰਬਰਦਾਰ), ਸ੍ਰ. ਹਰਜੀਤ ਸਿੰਘ ਝੰਡੇਰ, ਸ੍ਰ. ਭੁਪਿੰਦਰ ਸਿੰਘ (ਮੈਂਬਰ), ਸ੍ਰ. ਹਰਜਿੰਦਰ ਸਿੰਘ ਫੌਜੀ, ਸ੍ਰ. ਸਵਰਨ ਸਿੰਘ (ਸਰਪੰਚ), ਸ੍ਰ. ਰਵਿੰਦਰ ਸਿੰਘ, ਸ੍ਰ. ਜਸਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।