"5 ਸਤੰਬਰ ਨੂੰ ਭੁੱਖ ਹੜਤਾਲ 'ਤੇ ਬੈਠਣਗੇ ਐਨਪੀਐਸ ਕਰਮਚਾਰੀ"
"25 ਨਵੰਬਰ ਨੂੰ ਪੈਨਸ਼ਨ ਦੀ ਮੰਗ ਨੂੰ ਲੈ ਕੇ ਕਰਨਗੇ ਦਿੱਲੀ ਕੂਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਅਗਸਤ 2025 ਪੁਰਾਣੀ ਪੈਨਸ਼ਨ ਬਹਾਲੀ ਸੱਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਮੀਟਿੰਗ ਸਥਾਨਿਕ ਬਾਰਾਦਰੀ ਪਾਰਕ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਨੇ ਕਿਹਾ ਕਿ
ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ਤੇ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਸਾਂਝੇ ਤੌਰ ਤੇ ਜਿਲ੍ਹਾ ਹੈੱਡਕੁਆਰਟਰਾਂ ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਭੁੱਖ ਹੜਤਾਲ ਕਰਨਗੇ। ਇਸੇ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕ ਤੇ ਕਰਮਚਾਰੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਡੀ ਸੀ ਦਫ਼ਤਰ ਦੇ ਸਾਹਮਣੇ,ਚੰਡੀਗੜ੍ਹ ਰੋਡ,ਨਵਾਂ ਸ਼ਹਿਰ ਵਿਖੇ ਬੈਠਣਗੇ ਭੁੱਖ ਹੜਤਾਲ ਉੱਤੇ ਬੈਠਣਗੇ ਅਤੇ ਜੇਕਰ ਸਾਡੀ ਮੰਗ ਨੂੰ ਅਣਗੋਲਿਆ ਤਾਂ 25 ਨਵੰਬਰ ਨੂੰ ਕੀਤਾ ਜਾਵੇਗਾ ਦਿੱਲੀ ਕੂਚ। ਸ਼੍ਰੀ ਮਾਨ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ ਤੇ ਅਧਿਆਪਕਾਂ ਦੇ ਮਾਨ ਸਨਮਾਨ ਦੇ ਫੋਕੇ ਦਾਅਵੇ ਕਰਦੇ ਹਨ ਪਰ ਅਧਿਆਪਕਾਂ ਦਾ ਮਾਨ ਸਨਮਾਨ ਸਮਾਜਿਕ ਸੁਰੱਖਿਆ ਵਿੱਚ ਹੈ ਜੋਂ ਕਿ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ।ਜਿੱਥੇ ਰਾਜ ਸਰਕਾਰ ਆਪਣਾ ਤਿੰਨ ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਰੰਟੀ ਤੇ ਕੀਤੇ ਵਾਅਦੇ ਤੋਂ ਮੂੰਹ ਫੇਰ ਲਿਆ ਹੈ, ਉੱਥੇ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਰਮਚਾਰੀਆਂ ਤੇ ਯੂਪੀਐਸ ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ । ਤਾਜ਼ਾ ਪੀਐਫਆਰਡੀਏ ਦੇ ਜਾਰੀ ਆਂਕੜਿਆ ਅਨੁਸਾਰ ਕੇਂਦਰ ਦੇ 30 ਲੱਖ ਕਰਮਚਾਰੀਆਂ ਚੋਂ 90 ਹਜ਼ਾਰ ਨੇ ਹੀ ਯੂਪੀਐਸ ਨੂੰ ਚੁਣਿਆ। ਕਹਿਣ ਦਾ ਭਾਵ ਮਹਿਜ਼ 3% ਕਰਮਚਾਰੀਆਂ ਨੇ ਇਸ ਨੂੰ ਚੁਣਿਆ ਹੈ ਜਦੋਂਕਿ 97% ਨੇ ਇਸ ਨੂੰ ਨਕਾਰਿਆ ਹੈ । ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਪੈਨਸ਼ਨ ਪ੍ਰਣਾਲੀ ਵੀ ਓਪੀਐਸ ਦਾ ਬਦਲ ਨਹੀਂ ਹੈ। ਜਿਲ੍ਹਾ ਆਗੂਆ ਜੁਝਾਰ ਸੰਹੂਗੜਾ,ਗੁਰਦੀਪ ਸਿੰਘ,ਨਰੰਜਣਜੋਤ ਚਾਂਦਪੁਰੀ,ਸਤਨਾਮ ਸਿੰਘ ਅਤੇ ਰਮਨ ਕੁਮਾਰ ਨੇ ਕਿਹਾ ਕਿ ਅਧਿਆਪਕ ਦਿਵਸ ਤੇ ਪੂਰੇ ਦੇਸ਼ ਵਿੱਚ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਅਤੇ ਕਰਮਚਾਰੀ ਭੁੱਖ ਹੜਤਾਲ ਤੇ ਬੈਠ ਕੇ ਰਾਜ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਸੰਦੇਸ਼ ਦੇਣਗੇ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ ਇਸ ਲਈ ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ ਨਾ ਕਿ ਅਧਿਆਪਕ ਦਿਵਸ ਮਨਾ ਕੇ ਸਮੇਂ ਦੀਆਂ ਸਰਕਾਰਾਂ ਸਿਰਫ਼ ਖਾਨਾਪੂਰਤੀ ਹੀ ਕਰ ਰਹੀਆਂ ਹਨ। ਇਸ ਹੜਤਾਲ ਦੇ ਵਿੱਚ ਪੰਜਾਬ ਦੇ ਸਮੂਹ ਐਨਪੀਐਸ ਕਰਮਚਾਰੀ ਭਾਗ ਲੈਣਗੇ ਤੇ 25 ਨਵੰਬਰ ਨੂੰ ਮੁਲਾਜ਼ਮਾਂ ਵੱਲੋਂ ਦਿੱਲੀ ਕੂਚ ਕੀਤਾ ਜਾਵੇਗਾ।ਇਸ ਮੌਕੇ ਰਾਮੇਸ਼ ਚੰਦ,ਪਿੰਕੀ ਦੇਵੀ,ਸੁਰਿੰਦਰ ਕੌਰ,ਜਸਵਿੰਦਰ ਕੌਰ,ਸੁਖਜਿੰਦਰ ਸਿੰਬਲੀ,ਨਿਰਮਲ ਕੁਮਾਰ ਅਤੇ ਸੁਮਿਤ ਛਾਬੜਾ ਆਦਿ ਵੀ ਹਾਜ਼ਰ ਸਨ।