ਮੁੜ ਤੋਂ ਕਰੋ ਜਮੀਨੀ ਵੰਡ ਮੁਹਿੰਮ ਤਹਿਤ ਕਰਵਾਈ ਜਾਣ ਵਾਲੀ ਕਨਵੈਂਸ਼ਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਅਸ਼ੋਕ ਵਰਮਾ
ਮੁਕਤਸਰ, 28 ਅਗਸਤ 2025: ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਹਾਸਿਲ ਕਰਨ ਅਤੇ ਬਚਾਉਣ ਲਈ ਲਾਮਬੰਦ ਹੋ ਕੇ " ਮੁੜ ਤੋਂ ਕਰੋ ਜ਼ਮੀਨੀ ਵੰਡ" ਮੁਹਿੰਮ ਤਹਿਤ 29 ਅਗਸਤ ਨੂੰ ਦਾਣਾ ਮੰਡੀ ਬਠਿੰਡਾ ਵਿਖੇ ਸੂਬੇ ਪੱਧਰੀ ਕਾਨਫਰੰਸ ਕਰਨ ਦੇ ਦਿੱਤੇ ਸੱਦੇ ਤਹਿਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਖੁੰਡੇ ਹਲਾਲ ਵਿੱਚ ਮੀਟਿੰਗ ਕੀਤੀ ਗਈ।
ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੰਕਟ ਦਾ ਹੱਲ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਉਣ ਲਈ ਜਮੀਨਾਂ ਸਮੇਤ ਖੇਤੀ ਦੇ ਸੰਦ ਸਾਧਨਾਂ ਦੀ ਮੁੜ ਵੰਡ ਦੇ ਬੁਨਿਆਦੀ ਕਦਮਾਂ 'ਚ ਪਿਆ ਹੈ। ਖੇਤ ਮਜ਼ਦੂਰ,ਬੇਜ਼ਮੀਨੇ ਕਿਸਾਨ ਅਤੇ ਛੋਟੇ ਗਰੀਬ ਕਿਸਾਨ ਪੰਜਾਬ ਦੀ ਆਬਾਦੀ ਦਾ ਪੇਂਡੂ ਆਬਾਦੀ ਦਾ ਵੱਡਾ ਹਿੱਸਾ ਬਣਦੇ ਹਨ। ਜ਼ਮੀਨਾਂ ਨਾ ਹੋਣ ਜਾਂ ਨਿਗੂਣੀ ਜ਼ਮੀਨ ਮਾਲਕੀ ਨਾ ਸਿਰਫ ਇਸ ਵੱਡੀ ਪੇਂਡੂ ਅਬਾਦੀ ਦੀ ਬੇਹੱਦ ਮੰਦਹਾਲੀ ਅਤੇ ਦੁਸ਼ਵਾਰੀਆਂ ਦਾ ਕਾਰਨ ਹੈ ਸਗੋਂ ਇਹ ਤੋਟ ਖੇਤੀ ਰੁਜ਼ਗਾਰ ਨੂੰ ਜਾਮ ਕਰਕੇ ਬਾਕੀ ਆਰਥਿਕਤਾ ਦੇ ਵਿਕਾਸ ਨੂੰ ਵੀ ਬੰਨ੍ਹ ਮਾਰ ਰਹੀ ਹੈ।
ਉਹਨਾਂ ਕਿਹਾ ਕਿ ਜ਼ਮੀਨਾਂ ਅਤੇ ਸੰਦ ਸਾਧਨਾਂ ਦੀ ਮੁੜ ਵੰਡ ਇਸ ਮੰਦਹਾਲੀ ਨੂੰ ਕੱਟਣ ਦਾ ਇੱਕੋ ਇੱਕ ਜ਼ਰੀਆ ਹੈ। ਇਸ ਲਈ ਨਾ ਸਿਰਫ ਪਹਿਲਾਂ ਤੋਂ ਚੱਲੀ ਆਉਂਦੀ ਸਾਢੇ 17 ਏਕੜ ਦੀ ਜ਼ਮੀਨੀ ਹੱਦਬੰਦੀ ਵਾਲੇ ਕਾਨੂੰਨ ਨੂੰ ਸਭ ਚੋਰ ਮੋਰੀਆਂ ਖਤਮ ਕਰਕੇ ਤੁਰੰਤ ਲਾਗੂ ਕਰਨ ਦੀ ਲੋੜ ਹੈ ਸਗੋਂ ਲੈਂਡ ਸੀਲਿੰਗ ਨੂੰ ਹੋਰ ਤਰਕ ਸੰਗਤ ਬਣਾਏ ਜਾਣ ਦੀ ਵੀ ਲੋੜ ਹੈ ਤਾਂ ਜੋ ਖੇਤੀ ਕਰਨਾ ਚਾਹੁੰਦਾ ਕੋਈ ਵੀ ਪੇਂਡੂ ਖੇਤ ਮਜ਼ਦੂਰ ਜਾਂ ਕਿਸਾਨ ਪਰਿਵਾਰ ਜ਼ਮੀਨ ਤੋਂ ਵਾਂਝਾ ਨਾ ਰਹੇ। ਨਾਲ ਹੀ ਪੰਚਾਇਤੀ, ਸਾਂਝੀਆਂ , ਨਜ਼ੂਲ ਅਤੇ ਹੋਰਨਾਂ ਸਾਂਝੀਆਂ ਜ਼ਮੀਨਾਂ ਉੱਤੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹੱਕ ਨੂੰ ਬਿਨਾਂ ਕਿਸੇ ਰੱਖ ਰਖਾਅ ਦੇ ਪ੍ਰਵਾਨ ਕੀਤੇ ਜਾਣਾ ਚਾਹੀਦਾ ਹੈ। ਇਹਨਾਂ ਹਿੱਸਿਆਂ ਨੂੰ ਬਿਨਾਂ ਵਿਆਜ ਦੇ ਸਸਤੇ ਖੇਤੀ ਕਰਜਿਆਂ ਅਤੇ ਹੋਰਨਾਂ ਢੰਗਾਂ ਨਾਲ ਸਰਕਾਰੀ ਬਜਟਾਂ ਦਾ ਆਸਰਾ ਦੇਣਾ ਚਾਹੀਦਾ ਹੈ।
ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਇਸ ਲਾਮਬੰਦੀ ਮੁਹਿੰਮ ਦੌਰਾਨ ਤਿੱਖੇ ਜ਼ਮੀਨੀ ਸੁਧਾਰ ਕਰਕੇ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ, ਸ਼ਾਹੂਕਾਰਾ ਲੁੱਟ ਦਾ ਖਾਤਮਾ ਕਰਨ ਤੇ ਇਸ ਲੁੱਟ ਨੂੰ ਰੋਕਦਾ ਕਾਨੂੰਨ ਬਣਾਉਣ, ਕਿਸਾਨਾਂ ਖੇਤ ਮਜ਼ਦੂਰਾਂ ਨੂੰ ਸਸਤੇ ਤੇ ਬਿਨਾਂ ਵਿਆਜ ਕਰਜ਼ੇ ਦੇਣ ਦੀ ਨੀਤੀ ਬਣਾਉਣ, ਪੰਚਾਇਤੀ ਜ਼ਮੀਨਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਸਾਂਝੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਰਾਖਵੀਆਂ ਕਰਨ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਬਰੀ ਐਕਵਾਇਰ ਕਰਨ ਦੇ ਕਦਮ ਰੋਕਣ, ਸਾਬਕਾ ਤੇ ਮੌਜੂਦਾ ਜਗੀਰਦਾਰਾਂ ਵੱਲੋਂ ਸਾਬਕਾ ਮੁਜਾਰੇ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਦੇ ਕਦਮ ਰੋਕਣ, ਆਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦੇਣ, ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨੀਆਂ ਬੰਦ ਕਰਨ ਵਰਗੇ ਮੁੱਦਿਆਂ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਇਸ ਸਮੇਂ ਕਾਕਾ ਸਿੰਘ, ਛੋਟਾ ਸਿੰਘ, ਗੁਰਮੀਤ ਸਿੰਘ, ਜੀਤਾ ਸਿੰਘ, ਰਾਜੂ ,ਬਲਦੇਵ ਸਿੰਘ, ਸਿਮਰਜੀਤ ਕੌਰ, ਸ਼ਿੰਦਰ ਕੌਰ,ਪਾਲੋ ਕੌਰ ਆਦਿ ਹਾਜ਼ਰ ਸਨ ।