ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ, 40 ਲੱਖ ਦਾ ਕਰਜ਼ਾ ਲੈ ਕੇ ਪਰਿਵਾਰ ਨੇ ਭੇਜਿਆ ਸੀ ਵਿਦੇਸ਼
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਅਪ੍ਰੈਲ 2025 - ਸੁਲਤਾਨਪੁਰ ਲੋਧੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪਿੰਡ ਭੈਣੀ ਹੁਸੇ ਖਾਂ ਦੇ ਇਕ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਨੋਦ ਸਿੰਘ ਵਜੋਂ ਹੋਈ ਹੈ ਤੇ ਉਹ 2 ਸਾਲ ਪਹਿਲਾਂ ਡੌਂਕੀ ਰਾਹੀਂ ਅਮਰੀਕਾ ਗਿਆ ਸੀ। ਉਸ ਦਾ ਸੁਪਨਾ ਸੀ ਕਿ ਉਹ ਚੰਗੇ ਪੈਸੇ ਕਮਾ ਕੇ ਆਪਣੇ ਘਰ ਦਾ ਸੁਨਹਿਰੀ ਭਵਿੱਖ ਬਣਾਵੇਗਾ ਪਰ ਉਸ ਨੂੰ ਕੈਂਸਰ ਵਰਗੀ ਬੀਮਾਰੀ ਹੋ ਗਈ। ਲੰਬੇ ਸਮੇਂ ਤੱਕ ਬੀਮਾਰ ਰਹਿਣ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੇ ਮਾਪਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 40 ਲੱਖ ਦਾ ਕਰਜ਼ਾ ਲੈ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਪਰ ਉਨ੍ਹਾਂ ਕਦੇ ਸੁਪਨੇ ਵਿਚ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਪੁੱਤ ਨਾਲ ਅਜਿਹਾ ਵਾਪਰ ਜਾਵੇਗਾ। ਪ੍ਰਦੀਪ ਦੀ ਮ੍ਰਿਤਕ ਦੇਹ ਅੱਜ ਉਸ ਦੇ ਪਿੰਡ ਪਹੁੰਚੀ ਤਾਂ ਸੋਗ ਦੀ ਲਹਿਰ ਛਾ ਗਈ।ਵਿਨੋਦ ਦੇ ਪਿਤਾ ਨੇ ਹੋਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਜਦੋਂ ਵਿਨੋਦ ਨੂੰ ਅਮਰੀਕਾ ਭੇਜਿਆ ਸੀ ਤਾਂ ਡੌਂਕੀ ਰਾਹੀਂ 7 ਮਹੀਨੇ ਬਾਅਦ ਜੰਗਲਾਂ ਤੋਂ ਹੁੰਦਾ ਹੋਇਆ ਅਮਰੀਕਾ ਪੁੱਜਿਆ ਸੀ ਪਰ ਉਥੇ ਪਹੁੰਚਣ ਦੇ ਇਕ ਮਹੀਨੇ ਬਾਅਦ ਹੀ ਉਸ ਨੂੰ ਕੈਂਸਰ ਹੋ ਗਿਆ ਪਰ ਆਖਿਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।