ਕੁਲਜੀਤ ਰੰਧਾਵਾ ਵੱਲੋਂ ਡੇਰਾਬੱਸੀ ਹਲਕੇ ਦੇ ਪੰਜ ਸਕੂਲਾਂ ਵਿੱਚ 54.39 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ
ਹਰਜਿੰਦਰ ਸਿੰਘ ਭੱਟੀ
- ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਆਮ ਘਰਾਂ ਦੇ ਬੱਚਿਆਂ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਹਈਆ ਕਰਵਾਉਣ ਲਈ ਵਚਨਵੱਧ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 19 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆਮ ਘਰਾਂ ਦੇ ਬੱਚਿਆਂ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ ਮੁਹਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਹ ਪ੍ਰਗਟਾਵਾ ਹਲਕਾ ਡੇਰਾ ਬੱਸੀ ਦੇ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਹਲਕਾ ਡੇਰਾ ਬੱਸੀ ਦੇ ਪੰਜ ਸਰਕਾਰੀ ਸਕੂਲਾਂ ਵਿਖੇ ਸਿੱਖਿਆ ਕ੍ਰਾਂਤੀ ਤਹਿਤ ਹੋਇ 54.39 ਲੱਖ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਮੌਕੇ ਕੀਤਾ ਗਿਆ।
ਇਹਨਾਂ ਸਕੂਲਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਰਸੀਣੀ ਵਿਖੇ 8.64 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਲਾਸ ਰੂਮ ਅਤੇ ਪਖਾਨਾ ਤਿਆਰ ਕੀਤਾ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਸਾਧਾਪੁਰ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕਲਾਸ ਰੂਮ ਤਿਆਰ ਕੀਤਾ ਗਿਆ ਹੈ ਜਦ ਕਿ ਸਰਕਾਰੀ ਮਿਡਲ ਸਕੂਲ ਸਾਧਾਪੁਰ ਵਿਖੇ 2,72,500 ਰੁਪਏ ਦੀ ਲਾਗਤ ਨਾਲ ਵੱਖ-ਵੱਖ ਕੰਮ ਕੀਤੇ ਗਏ ਹਨ। ਸਰਕਾਰੀ ਹਾਈ ਸਕੂਲ ਸਰਸੀਣੀ ਵਿਖੇ 6,36,820 ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਗਏ ਹਨ। ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲਾਲੜੂ ਵਿਖੇ 29.15 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਲਾਈਬਰੇਰੀ, ਕਲਾਸ ਰੂਮ ਅਤੇ ਹੋਰ ਮੁਰੰਮਤ ਦੇ ਕੰਮ ਕਾਰ ਕੀਤੇ ਗਏ ਹਨ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਜਦੋਂ ਤੋਂ ਰਾਜ ਦੀ ਵਾਗਡੋਰ ਸੰਭਾਲ ਰਹੀ ਹੈ ਉਦੋਂ ਤੋਂ ਹੀ ਸੂਬੇ ਵਿੱਚ ਵੱਖ-ਵੱਖ ਜਨਹਿਤ ਦੇ ਕੰਮਾਂ ਨੂੰ ਪਰਮ ਅਗੇਤ ਮਿਲੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਘਰਾਂ ਦੇ 600 ਯੂਨਿਟ ਤੱਕ ਦੇ ਬਿਜਲੀ ਬਿੱਲ ਮੁਆਫ਼ ਹੋਣੇ, ਲੋਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਦੀਆਂ 406 ਸੇਵਾਵਾਂ ਕੇਵਲ ਇੱਕ ਨੰਬਰ 1076 ਡਾਇਲ ਕਰਕੇ ਘਰ ਬੈਠੇ ਹਾਸਲ ਹੋਣਾ ਆਦਿ ਬਹੁਤ ਸਾਰੀਆਂ ਸੁਵਿਧਾਵਾਂ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਹੋਏ 2 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸਮਾਗਮਾਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮਰਪਣ, ਸਰਕਾਰ ਦਾ ਕੋਈ ਸਿਹਰਾ ਲੈਣ ਦਾ ਸ਼ੌਂਕ ਨਹੀਂ ਬਲਕਿ ਵਿਰੋਧੀ ਧਿਰ ਅਤੇ ਆਮ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਹੈ ਕਿ ਜਦੋਂ ਨੀਅਤਾਂ ਇਮਾਨਦਾਰ ਹੋਣ ਤਾਂ ਬਹੁਤ ਸੁਧਾਰ ਹੋ ਸਕਦਾ ਹੈ।
ਇਸ ਮੌਕੇ ਇਹਨਾਂ ਸਕੂਲਾਂ ਦੇ ਅਧਿਆਪਕ, ਵਿਦਿਆਰਥੀ, ਮਾਪੇ, ਪੰਚ ਅਤੇ ਸਰਪੰਚ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ।