ਡੌਂਕੀ ਨੇ ਖਾ ਲਿਆ ਪੰਜਾਬ ਦਾ ਇੱਕ ਹੋਰ ਨੌਜਵਾਨ
*ਦੋ ਸਾਲ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਹੋਈ ਮੌਤ, ਪਿੰਡ ਵਿੱਚ ਮਾਤਮ ਦਾ ਮਾਹੌਲ*
*ਡੋਂਕੀ ਰਾਹੀਂ 40 ਲੱਖ ਰੁਪਏ ਲਗਾਕੇ ਪੁੱਤਰ ਨੂੰ ਭੇਜਿਆ ਸੀ ਮਾਪਿਆਂ ਨੇ ਵਿਦੇਸ਼*
*ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਿਤ ਸੀ ਨੌਜਵਾਨ*
*ਪੀੜਿਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਲਾਈ ਗੁਹਾਰ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਅਪ੍ਰੈਲ 2025
ਆਏ ਦਿਨ ਪੰਜਾਬ ਦੀ ਜਵਾਨੀ ਡੌਂਕੀ ਦਾ ਸ਼ਿਕਾਰ ਹੁੰਦੀ ਜਾ ਰਹੀ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੇ ਖਾਂ ਦੇ ਨਾਲ ਸੰਬੰਧਿਤ ਹੈ। ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਵਿਨੋਦ ਸਿੰਘ ਜੌ ਕਰੀਬ ਦੋ ਸਾਲ ਪਹਿਲਾਂ ਡੌਂਕੀ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ। ਪਰ ਕੈਂਸਰ ਨਾਮ ਦੀ ਨਾ ਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਜਿਸ ਕਾਰਨ ਉਹ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਦਮ ਤੋੜ ਗਿਆ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਅੱਖਾਂ ਵਿੱਚ ਕਈ ਸਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ।
ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਉੱਤੇ ਏਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ। ਵਿਨੋਦ ਦੇ ਪਿਤਾ ਦਾ ਕਹਿਣਾ ਹੈ ਕਿ ਜਿਸ ਵੇਲੇ ਵਿਨੋਦ ਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀ ਤਾਂ ਸੱਤ ਮਹੀਨੇ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਕਿਉਂਕਿ ਸੱਤ ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ ਅਤੇ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਜਿਸ ਦੇ ਬਾਰੇ ਉਹਨਾਂ ਨੂੰ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਚੱਲਦਾ ਹੈ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸਦੇ ਦੋਸਤਾਂ ਦੇ ਵੱਲੋਂ ਇੱਕ ਦੂਸਰੇ ਦੀ ਮਦਦ ਦੇ ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ। ਰੋਂਦੀ ਹੋਈ ਵਿਨੋਦ ਦੀ ਮਾਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤਰ ਨੂੰ ਉਡੀਕ ਰਹੀਆਂ ਹਨ। ਪੀੜੇ ਤੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਬਹੁਤ ਵੱਡੇ ਖਰਚੇ ਹੇਠ ਆ ਚੁੱਕੇ ਹਨ ਅਤੇ ਇਹ ਕਰਜ਼ਾ ਉਤਾਰਨ ਦੇ ਵਿੱਚ ਅਸਮਰਥ ਹਨ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਦੀ ਇਸ ਦੁੱਖ ਭਰੇ ਵੇਲੇ ਦੇ ਵਿੱਚ ਮਦਦ ਜ਼ਰੂਰ ਕਰੇ।