ਬੱਚੇ-ਬੱਚੇ ਦੀ ਜੁਬਾਨ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਡੱਲੇਵਾਲ ਦੇ ਤਿਆਗ ਦੀ ਕਹਾਣੀ: ਦਿੱਲੀ ਤੋਂ ਮੰਗਾਂ ਮਨਵਾ ਕੇ ਹੀ ਵਾਪਸ ਪਰਤਾਂਗੇ
- ਤੀਜੀ ਵਾਰ ਮਰਨ ਵਰਤ ਵਿੱਚ ਸ਼ਾਮਿਲ ਹੋਏ ਸੁਰਜੀਤ ਸਿੰਘ ਦਾ ਪਿੰਡ ਪਰਤਣ 'ਤੇ ਹੋਇਆ ਭਰਵਾਂ ਸਵਾਗਤ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 22 ਜਨਵਰੀ 2025 - ਕਿਸਾਨੀ ਅੰਦੋਲਨ ਦੌਰਾਨ ਜਦੋਂ ਸਰਦਾਰ ਡੱਲੇਵਾਲ ਦੇ ਨਾਲ ਮਰਨ ਵਰਤ ਤੇ ਬੈਠਣ ਦੀ ਨੌਬਤ ਆਈ ਤਾਂ ਜਿਲਾ ਗੁਰਦਾਸਪੁਰ ਦੇ ਪਿੰਡ ਹਰਦੋ ਝੰਡੇ ਦੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਇਸ ਜਿੰਮੇਵਾਰੀ ਨੂੰ ਨਿਭਾਇਆ। ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਮਰਨ ਵਰਤ ਤੇ ਬੈਠੇ 111 ਕਿਸਾਨਾਂ ਵਿੱਚ ਵੀ ਸੁਰਜੀਤ ਸਿੰਘ ਸ਼ਾਮਿਲ ਸਨ । ਕਿਸਾਨੀ ਮੰਗਾਂ ਲਈ ਕੁਲ ਤਿੰਨ ਵਾਰ ਮਰਨ ਵਰਤ ਤੇ ਬੈਠੇ ਸੁਰਜੀਤ ਸਿੰਘ ਅੱਜ ਮੋਰਚੇ ਤੋਂ ਵਾਪਸ ਆਪਣੇ ਪਿੰਡ 26 ਜਨਵਰੀ ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ। ਇਨੋ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਸਰਦਾਰ ਡੱਲੇਵਾਲ ਦੇ ਤਿਆਗ ਦੀ ਕਹਾਣੀ ਪੰਜਾਬ ਦੇ ਬੱਚੇ ਬੱਚੇ ਦੀ ਜਬਾਨ ਤੇ ਆ ਗਈ ਹੈ , ਜਿਸ ਕਾਰਨ ਸਰਕਾਰ ਝੁਕਣ ਲਈ ਮਜਬੂਰ ਹੋ ਗਈ ਹੈ ਤੇ ਪੰਜਾਬ ਦਾ ਬੱਚਾ ਬੱਚਾ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਮੰਗ ਕਰ ਰਿਹਾ ਹੈ। ਉਹਨਾਂ ਕਿਹਾ ਕਿ 14 ਫਰਵਰੀ ਨੂੰ ਦੋਹਾਂ ਫੋਰਮਾਂ ਦਾ ਡੈਲੀਗੇਟ ਸਰਕਾਰ ਨਾਲ ਗੱਲਬਾਤ ਕਰਨ ਜਾਵੇਗਾ ਅਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਦਿੱਲੀ ਤੋਂ ਕਿਸਾਨ ਵਾਪਸ ਪਰਤਣਗੇ।