ਦਾਨ ਸਿੰਘ ਵਾਲਾ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਵਜੋਂ 1-1 ਲੱਖ ਰੁਪਏ ਰਾਸ਼ੀ ਦੇ ਚੈੱਕ ਭੇਂਟ
ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2025 : ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੀ ਤਰਫੋਂ ਪਿੰਡ ਦਾਨ ਸਿੰਘ ਵਾਲਾ ਦੇ 8 ਘਰਾਂ ਲਈ ਹੋਰ ਸਹਾਇਤਾ ਰਾਸ਼ੀ 1-1 ਲੱਖ ਰੁਪਏ ਦੇ ਚੈੱਕ ਸਬੰਧਤ ਪਰਿਵਾਰਾਂ ਨੂੰ ਭੇਂਟ ਕੀਤੇ ਗਏ ਜਦਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ 50-50 ਹਜਾਰ ਰੁਪਏ ਦੇ ਸਹਾਇਤਾ ਰਾਸ਼ੀ ਚੈੱਕ ਸਰਕਾਰ ਦੁਆਰਾ ਮੁਹੱਈਆ ਕਰਵਾਏ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਪੁਰਾਣੀ ਰੰਜਿਸ਼ ਦੇ ਚਲਦਿਆਂ ਘਰਾਂ ਨੂੰ ਅੱਗ ਲਗਾਉਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਦੇ ਮੱਦੇਨਜ਼ਰ ਇਹ ਚੈਕ ਦਿੱਤੇ ਗਏ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਤੋਂ ਪਹਿਲਾਂ ਵੀ ਪੀੜ੍ਹਤ ਪਰਿਵਾਰਾਂ ਦੀ ਮੱਦਦ ਲਈ ਉਹਨਾਂ ਨੂੰ ਰਾਸ਼ਨ, ਬਿਸਤਰੇ, ਕੰਬਲ, ਭਾਂਡੇ ਅਤੇ ਬਿਜਲੀ ਵਾਲੇ ਚੁੱਲ੍ਹੇ ਆਦਿ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਹਮੇਸ਼ਾ ਉਨ੍ਹਾਂ ਦੇ ਨਾਲ ਖੜਾ ਹੈ।
ਇਸ ਮੌਕੇ ਸਿਖਲਾਈ ਅਧੀਨ ਆਈਏਐਸ ਸ਼੍ਰੀ ਰਾਕੇਸ਼ ਕੁਮਾਰ ਮੀਨਾ, ਉਪ ਮੰਡਲ ਮੈਜਿਸਟਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ, ਪ੍ਰਸਿੱਧ ਗਾਇਕ ਤੇ ਅਦਾਕਾਰ ਹਰਸਿਮਰਨ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।