ਸੈਰ ਕਰ ਰਹੀ ਕੁੜੀ 'ਤੇ ਗੋਲੀ ਚੱਲਣ ਦਾ ਮਾਮਲਾ ਨਿਕਲਿਆ ਮਨਘੜਤ ! ਬਠਿੰਡਾ ਪੁਲਿਸ ਨੇ ਅੱਖੀਂ ਘੱਟਾ ਪਾਉਣ ਵਾਲਿਆਂ ਨੂੰ ਦਬੋਚਿਆ
ਮਾਮਲਾ ਭਗਤਾ ’ਚ ਲੜਕੀ ਨੂੰ ਗੋਲੀ ਨਾਲ ਜਖਮੀ ਕਰਨ ਦਾ
ਅਸ਼ੋਕ ਵਰਮਾ
ਬਠਿੰਡਾ,22 ਜਨਵਰੀ 2025:ਬਠਿੰਡਾ ਜਿਲ੍ਹੇ ਦੇ ਕਸਬਾ ਭਗਤਾ ਭਾਈ ਦੀ ਅਨਾਜ ਮੰਡੀ ਵਿੱਚ ਮੰਗਲਵਾਰ ਸਵੇਰੇ ਆਪਣੇ ਪਤੀ ਨਾਲ ਸੈਰ ਕਰ ਰਹੀ ਲੜਕੀ ਦੇ ਗੋਲੀ ਲੱਗਣ ਨਾਲ ਜਖਮੀ ਹੋਣ ਦਾ ਮਾਮਲਾ ਅਸਲ ’ਚ ਡਰਾਮਾ ਅਤੇ ਮਨਘੜਤ ਕਹਾਣੀ ਹੀ ਨਿਕਲਿਆ ਹੈ। ਗੋਲੀ ਲੱਗਣ ਨਾਲ ਜਖਮੀ ਲੜਕੀ ਹਰਪ੍ਰੀਤ ਕੌਰ ਅਤੇ ਉਸਦੇ ਪਤੀ ਅਰਸ਼ਦੀਪ ਸਿੰਘ ਨੇ ਇਸ ਫਾਇਰਿੰਗ ਮਾਮਲੇ ’ਚ ਇਹ ਕਹਾਣੀ ਪੁਲਿਸ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਘੜੀ ਜੋ ਜਾਂਚ ਟੀਮਾਂ ਦੀਆਂ ਪੈਨੀਆਂ ਨਜ਼ਰਾਂ ਅੱਗੇ ਬਹੁਤਾ ਚਿਰ ਟਿਕ ਨਾ ਸਕੀ ਅਤੇ ਮੁਲਜਮ ਪੁਲਿਸ ਦੀ ਗ੍ਰਿਫਤ ’ਚ ਫਸ ਗਏ। ਅੱਜ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਜਖਮੀ ਲੜਕੀ ਦੇ ਪਤੀ ਅਰਸ਼ਦੀਪ ਸਿੰਘ ਸਮੇਤ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਇਲਾਜ ਅਧੀਨ ਹੋਣ ਕਰਕੇ ਹਰਪ੍ਰੀਤ ਕੌਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਆਸ਼ਕੀ ਪੁੱਤਰ ਜਗਸੀਰ ਸਿੰਘ, ਸੁਖਚੈਨ ਸਿੰਘ ਉਰਫ ਘੋਨੂੰ ਪੁੱਤਰ ਗੁਰਤੇਜ਼ ਸਿੰਘ, ਸੰਦੀਪ ਸਿੰਘ ਉਰਫ ਸਨੀ ਪੁੱਤਰ ਚਰਨਜ਼ੀਤ ਸਿੰਘ ਵਾਸੀਆਨ ਭਗਤਾ ਭਾਈ ਅਤੇ ਟਹਿਲ ਸਿੰਘ ਉਰਫ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੁਖਾਨੰਦ ਵਜੋਂ ਹੋਈ ਹੈ, ਜਦੋਂਕਿ ਹਰਪ੍ਰੀਤ ਕੌਰ ਪਤਨੀ ਅਕਾਸ਼ਦੀਪ ਸਿੰਘ ਉਰਫ ਆਸ਼ਕੀ ਪੁੱਤਰ ਜਗਸੀਰ ਸਿੰਘ ਵਾਸੀ ਭਗਤਾ ਦਾ ਪੁਲਿਸ ਦੀ ਨਿਗਰਾਨੀ ’ਚ ਇਲਾਜ ਚੱਲ ਰਿਹਾ ਹੈ।
ਐਸਪੀ ਨੇ ਦੱਸਿਆ ਕਿ ਮੰਗਲਵਾਰ ਨੂੰ ਤਕਰੀਬਨ 10 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਭਗਤਾ ਭਾਈ ਦੀ ਦਾਣਾ ਮੰਡੀ ਵਿੱਚ ਆਪਣੇ ਪਤੀ ਨਾਲ ਸੈਰ ਕਰ ਰਹੀ ਇੱਕ ਲੜਕੀ ਤੇ ਗੋਲੀ ਚਲਾਈ ਹੈ। ਜਖਮੀ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਸੀ ਜੋ ਪਤਨੀ ਦੇ ਤੌਰ ’ਤੇ ਅਰਸ਼ਦੀਪ ਸਿੰਘ ਉਰਫ ਆਸ਼ਕੀ ਨਾਲ ਰਹਿ ਰਹੀ ਸੀ।
ਉਨ੍ਹਾਂ ਦੱਸਿਆ ਕਿ ਜਖਮੀ ਹਰਪ੍ਰੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਭਗਤਾ ਭਾਈ ਤੋ ਅੱਗੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫਾਇਰਿੰਗ ਮਾਮਲੇ ਨੂੰ ਹੱਲ ਕਰਨ ਲਈ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਸੀ.ਆਈ.ਏ.ਸਟਾਫ—1, ਸੀ.ਆਈ.ਏ. ਸਟਾਫ —2 ਅਤੇ ਥਾਣਾ ਦਿਆਲਪੁਰਾ ਦੀਆਂ ਟੀਮਾਂ ਬਣਾਈਆਂ ਸਨ।
ਐਸਪੀ ਸਿਟੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਤਫਤੀਸ਼ ਦੌਰਾਨ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਹਰਪ੍ਰੀਤ ਕੌਰ ਦੇ ਪਤੀ ਅਰਸ਼ਦੀਪ ਸਿੰਘ ਉਰਫ ਆਸ਼ਕੀ, ਸੁਖਚੈਨ ਸਿੰਘ ਉਰਫ ਘੋਨੂੰ, ਸੰਦੀਪ ਸਿੰਘ ਉਰਫ ਸਨੀ ਵਾਸੀਆਨ ਭਗਤਾ ਭਾਈ ਅਤੇ ਟਹਿਲ ਸਿੰਘ ਵਾਸੀ ਸੁਖਾਨੰਦ ਜਿਲ੍ਹਾ ਮੋਗਾ ਨੂੰ ਪਿੰਡ ਕੋਠਾ ਗੁਰੂ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਤੋਂ 2 ਮੋਟਰਸਾਇਕਲ,2 ਪਿਸਤੌਲ ਦੇਸੀ 32 ਬੋਰ ਦੇਸੀ ਸਮੇਤ 04 ਜਿੰਦਾ ਰੌਂਦ .ਅਤੇ ਤਿੰਨ ਮੋਬਾਇਲ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਅਸਲ ਵਿੱਚ ਅਰਸ਼ਦੀਪ ਸਿੰਘ ਅਤੇ ਸੁਖਚੈਨ ਸਿੰਘ ਨੇ ਹਰਪ੍ਰੀਤ ਕੌਰ ਨੂੰ ਨਾਲ ਲੈਕੇ ਸੰਦੀਪ ਸਿੰੰਘ ਅਤੇ ਟਹਿਲ ਸਿੰਘ ਨੂੰ ਨਜਾਇਜ ਅਸਲਾ ਸਪਲਾਈ ਕਰਨਾ ਸੀ। ਨਜਾਇਜ ਅਸਲਾ ਲੋਢ ਹੋਣ ਕਾਰਨ ਇਸ ਦੌਰਾਨ ਹਰਪ੍ਰੀਤ ਕੌਰ ਦੇ ਪੱਟ ’ਚ ਫਾਇਰ ਵੱਜ ਗਿਆ। ਐਸਪੀ ਨੇ ਦੱਸਿਆ ਕਿ ਇਸ ਮੌਕੇ ਮੁਲਜਮਾਂ ਨੇ ਹਰਪ੍ਰੀਤ ਕੌਰ ਦੇ ਫਾਇਰ ਹੋਣ ਦੀ ਮਨਘੜਤ ਕਹਾਣੀ ਬਣਾ ਲਈ ਤਾਂ ਜੋ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ । ਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਮਾਮਲਾ ਸ਼ੱਕੀ ਜਾਪਿਆ ਅਤੇ ਟੀਮਾਂ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ 24 ਘੰਟਿਆਂ ਦੇ ਅੰਦਰ ਅੰਦਰ ਇਸ ਵਾਰਦਾਤ ਦੀ ਗੁੱਥੀ ਸੁਲਝਾ ਲਈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਤੋਂ ਬਰਾਮਦ ਪਿਸਤੌਲਾਂ ਕਿਸ ਤੋਂ ਲਿਆਂਦੀਆਂ ਸਨ ਅਤੇ ਇੰਨ੍ਹਾਂ ਨਾਲ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਬਾਰੇ ਪੁੱਛਗਿੱਛ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮੁਲਜਮਾਂ ਦਾ ਨਹੀਂ ਅਪਰਾਧਿਕ ਰਿਕਾਰਡ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਦੀ ਉਮਰ 21 ਤੋਂ 23 ਸਾਲ ਦੇ ਵਿਚਕਾਰ ਹੈ ਅਤੇ ਉਨ੍ਹਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਸੰਦੀਪ ਸਿੰਘ ਉਰਫ ਸਨੀ, ਟਹਿਲ ਸਿੰਘ ਉਰਫ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਉਰਫ ਘੋਨੂੰ ਸੈਲੂਨ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਅਰਸ਼ਦੀਪ ਸਿੰਘ ਉਰਫ ਆਸ਼ਕੀ ਨਾਲ ਕਾਫੀ ਨਜ਼ਦੀਕੀ ਦੋਸਤੀ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਅਪਰਾਧ ਦੀ ਦੁਨੀਆਂ ’ਚ ਪੈਰ ਧਰਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਗਹਿਰਾਈ ਨਾਲ ਪੜਤਾਲ ਕੀਤਹੀ ਜਾਏਗੀ।
ਹਰਪ੍ਰੀਤ ਕੌਰ ਪਹਿਲਾਂ ਵੀ ਵਿਆਹੀ
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਅਰਸ਼ਦੀਪ ਸਿੰਘ ਉਰਫ ਆਸ਼ਕੀ ਦੀ ਪਹਿਲਾਂਪਤਨੀ ਨਹੀਂ ਸੀ ਬਲਕਿ ਉਸ ਨੂੰ ਭਜਾ ਕੇ ਲਿਆਇਆ ਤੇ ਵਿਆਹ ਕਰਵਾ ਲਿਆ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਜੀਰਕਪੁਰ ਦੀ ਰਹਿਣ ਵਾਲੀ ਅਤੇ ਪਹਿਲਾਂ ਵੀ ਵਿਆਹੀ ਹੋਈ ਸੀ। ਅਰਸ਼ਦੀਪ ਸਿੰਘ ਆਪਣੇ ਭਰਾ ਕੋਲ ਜੀਰਕਪੁਰ ਗਿਆ ਸੀ ਜਿੱਥੇ ਉਸ ਦੀ ਹਰਪ੍ਰੀਤ ਕੌਰ ਨਾਲ ਜਾਣ ਪਛਾਣ ਹੋ ਗਈ । ਇਸ ਤੋਂ ਬਾਅਦ ਉਹ ਹਰਪ੍ਰੀਤ ਨੂੰ ਭਜਾ ਲਿਆਇਆ ਅਤੇ ਲਵ ਮੈਰਿਜ ਕਰਵਾ ਲਈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਕੌਰ ਦੇ ਘਰੋਂ ਭੱਜਣ ਦੇ ਮਾਮਲੇ ’ਚ ਕਿਸੇ ਪਵਨ ਕੁਮਾਰ ਨਾਂ ਦੇ ਵਿਅਕਤੀ ਖਿਲਾਫ ਐਫਆਈਆਰ ਨੰਬਰ 112 ਦਰਜ ਹੈ।