ਨਸ਼ੇ ਦੇ ਖਿਲਾਫ ਪੁਲਿਸ ਦਾ ਸਾਥ ਹਰ ਨਾਗਰਿਕ ਨੂੰ ਦੇਣਾ ਚਾਹੀਦਾ: ਡੀਆਈਜੀ ਸਤਿੰਦਰ ਸਿੰਘ
ਐਂਟੀ ਡਰੱਗ ਅਵੇਅਰਨੈਸ ਸੈਮੀਨਾਰ ਵਿੱਚ ਡੀਆਈਜੀ ਅਤੇ ਡਿਪਟੀ ਕਮਿਸ਼ਨਰ ਨੇ ਵੀ ਕੀਤੀ ਸ਼ਿਰਕਤ
ਰੋਹਿਤ ਗੁਪਤਾ
ਗੁਰਦਾਸਪੁਰ , 22 ਜਨਵਰੀ 2025- ਬਟਾਲਾ ਪੁਲਿਸ ਵਲੋਂ ਐਂਟੀ ਡਰੱਗ ਅਵੈਰਨੈੱਸ ਸੈਮੀਨਾਰ ਅਤੇ ਐਥਲੈਟਿਕਸ ਮੀਟ (2025) ਕਰਵਾਈ ਗਈ ਜਿੱਥੇ ਸਵੇਰੇ ਖੇਡਾਂ ਹੋਇਆ ਉੱਥੇ ਹੀ ਦੇਰ ਸ਼ਾਮ ਤੱਕ ਇਨਾਮ ਵੰਡ ਸਮਾਰੋਹ ਅਤੇ ਨਸ਼ੇ ਖਿਲਾਫ ਸੈਮੀਨਾਰ ਕਰਵਾਇਆ ਗਿਆ ।ਜਿਸ ਵਿੱਚ ਸਤਿੰਦਰ ਸਿੰਘ, ਡੀ. ਆਈ. ਜੀ ਬਾਰਡਰ ਰੇਂਜ, ਸ੍ਰੀ ਅੰਮਿ੍ਤਸਰ ਅਤੇ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸੁਹੇਲ ਕਾਸਿਮ ਮੀਰ, ਐਸ ਐਸ ਪੀ ਬਟਾਲਾ ਵੀ ਮੌਜੂਦ ਸਨ।
ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸਤਿੰਦਰ ਸਿੰਘ, ਡੀ.ਆਈ. ਜੀ ਬਾਰਡਰ ਰੇਂਜ ਨੇ ਕਿਹਾ ਕਿ ਸਮਾਜਿਕ ਬੁਰਾਈ ਨਸ਼ਾ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਸਮੂਹਿਕ ਯਤਨਾਂ ਨਾਲ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਹਰ ਇੱਕ ਵਿਅਕਤੀ, ਜਿਸ ਵੀ ਖੇਤਰ ਵਿੱਚ ਵਿਚਰ ਰਿਹਾ, ਉਸਦੀ ਜਿੰਮੇਵਾਰੀ ਬਣਦੀ ਹੈ ਕਿ, ਉਹ ਆਪਣੀ ਆਉਣ ਵਾਲੀ ਪੀੜੀ ਨੂੰ ਵਧੀਆ ਸਮਾਜ ਦੇ ਕੇ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ, ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੀ ਹੈ ਅਤੇ ਸਾਰਿਆਂ ਦੇ ਸਾਥ ਨਾਲ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਨੇ ਬਟਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਕਰਵਾਏ ਜਾਗਰੂਕਤਾ ਸਮਾਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਬਹੁਤ ਲਾਹੇਵੰਦ ਹਨ, ਕਿਉਂਕਿ ਅਜਿਹੇ ਸਮਾਗਮ ਵੱਡੇ ਪੱਧਰ 'ਤੇ ਨਸ਼ਿਆਂ ਨੂੰ ਖਤਮ ਕਰਨ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਨਸ਼ਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਜਿਲ੍ਹਾ ਪਰਸ਼ਾਸਨ ਵਲੋਂ ਜਿਲ੍ਹੇ ਭਰ ਅੰਦਰ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਦੇ ਮੰਤਵ ਨਾਲ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਉੱਥੇ ਹੀ ਇਸ ਸੈਮੀਨਾਰ ਅਤੇ ਸਪੋਰਟਸ ਮੀਟ ਚ ਸ਼ਾਮਲ ਨਾਗਰਿਕਾਂ ਵਲੋ ਵੀ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ।