ਆਲ ਇੰਡੀਆ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਲੈ ਕੇ ਚਮਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ, 17 ਜਨਵਰੀ, 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਇਕ ਵਾਰ ਫਿਰ ਚਮਕਾ ਦਿੱਤਾ ਹੈ ।ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ 16 ਯੂਨੀਵਰਸਿਟੀਆਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਸੀ । ਸਖਤ ਅਤੇ ਦਿਲਚਸਪ ਮੁਕਾਬਲਿਆਂ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਹਿਲਾ ਫੁੱਟਬਾਲ ਟੀਮ ਨੇ ਉੱਚ ਪੱਧਰ ਦਾ ਖੇਡ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ ।ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2025 ਲਈ ਵੀ ਖਾਤਾ ਖੁੱਲ ਗਿਆ ਹੈ ।ਕੁਆਲੀਫਾਈ ਹੋਣ ਨਾਲ ਰਾਸ਼ਟਰੀ ਪੱਧਰ 'ਤੇ ਯੂਨੀਵਰਸਿਟੀ ਦੀ ਸਾਖ ਹੋਰ ਮਜ਼ਬੂਤ ਹੋਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਜਿੱਤ ਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ । ਉਹਨਾਂ ਨੇ ਕਿਹਾ ਕਿ ਖਿਡਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਖੇਡ ਜਗਤ ਵਿਚ ਉੱਚਾ ਕਰ ਰਹੇ ਹਨ । ਜਿਸ ਤੇ ਉਹਨਾਂ ਨੂੰ ਪੂਰਾ ਮਾਣ ਹੈ ਉਹਨਾਂ ਖਿਡਾਰੀਆਂ ਨੂੰ ਸਹੂਲਤਾਂ ਦੇਣ ਦੀ ਆਪਣੀ ਵੱਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਯੂਨੀਵਰਸਿਟੀ ਵਿਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਜੋ ਵੀ ਅਤਿਆਧੁਨਿਕ ਖੇਡ ਸਾਮਾਨ ਚਾਹਿਦਾ ਹੈ ਉਹ ਉਪਲਬੱਧ ਕਰਵਾਇਆ ਜਾਵੇਗਾ।
ਜੀ.ਐਨ.ਏ ਯੂਨੀਵਰਸਿਟੀ, ਫਗਵਾੜਾ ਵਿਖੇ ਆਯੋਜਿਤ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੁੱਟਬਾਲ (ਮਹਿਲਾ) ਚੈਂਪੀਅਨਸ਼ਿਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਹਿਲਾ ਫੁੱਟਬਾਲ ਟੀਮ ਨੇ ਚਾਂਦੀ ਦਾ ਤਗਮਾ ਜਿੱਤ ਕੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕਰਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਕੰਵਰ ਮਨਦੀਪ ਸਿੰਘ ਨੇ ਵੀ ਟੀਮ ਅਤੇ ਉਨ੍ਹਾਂ ਦੇ ਕੋਚ ਨੂੰ ਅਜਿਹੇ ਵੱਕਾਰੀ ਪਲੇਟਫਾਰਮ 'ਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।ਉਹਨਾਂ ਨੇ ਪ੍ਰੋ. (ਡਾ.) ਕਰਮਜੀਤ ਸਿੰਘ, ਵਾਈਸ-ਚਾਂਸਲਰ, ਡਾ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ, ਅਤੇ ਐਚਐਮਵੀ ਜਲੰਧਰ, ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲਾਂ ਦਾ ਟੀਮ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਯੂਨੀਵਰਸਿਟੀ ਦੇ ਫੁੱਟਬਾਲ ਕੋਚ ਸ਼੍ਰੀ ਪ੍ਰਦੀਪ ਕੁਮਾਰ ਨੇ ਖੇਡ ਡਾਇਰੈਕਟਰ ਵੱਲੋਂ ਟੀਮ ਨੂੰ ਪ੍ਰਦਾਨ ਕੀਤੀਆਂ ਗਈਆਂ ਸਹੂਲਤਾਂ ਦਾ ਧੰਨਵਾਦ ਕੀਤਾ।