ਕੌਮਾਂਤਰੀ ਮਜ਼ਦੂਰ ਦਿਵਸ : ਪਾਵਰਕੌਮ ਪੈਨਸ਼ਨਰਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਅਕਾਸ਼ ਗੁੰਜਾਊ ਨਾਹਰਿਆਂ ਨਾਲ ਪੈਨਸ਼ਨਰਜ਼ ਐਸੋਸੀਏਸ਼ਨ ਦਾ ਝੰਡਾ ਝੁਲਾਇਆ
ਅਸ਼ੋਕ ਵਰਮਾ
ਬਰਨਾਲਾ, 1 ਮਈ 2026: ਪਾਵਰਕੌਮ ਪੈਨਸ਼ਨਰਜ਼ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਧਨੌਲਾ ਰੋਡ ਮੁੱਖ ਦਫਤਰ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਸਾਥੀ ਸ਼ਿੰਦਰ ਧੌਲਾ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਗੌਰੀ ਸ਼ੰਕਰ, ਬਲਵੰਤ ਸਿੰਘ, ਰੂਪ ਚੰਦ ਤਪਾ ਅਤੇ ਜੱਗਾ ਸਿੰਘ ਧਨੌਲਾ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸਾਂਝੇ ਤੌਰ 'ਤੇ ਅਦਾ ਕੀਤੀ। ਇਸ ਸਮੇਂ ਬੁਲਾਰਿਆਂ ਨੇ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿ 1 ਮਈ ਅਤੇ 4 ਮਈ 1886 ਦੀਆਂ ਘਟਨਾਵਾਂ ਵਿੱਚ ਸ਼ਹੀਦ ਹੋਏ ਸਾਥੀਆਂ ਅਡੋਲਫ ਫਿਸ਼ਰ ਵੱਲੋਂ ਸ਼ਿਕਾਗੋ ਦੀ ਸੈਸ਼ਨ ਜੱਜ ਜੋਸਫ਼ ਗੈਰੀ ਦੀ ਅਦਾਲਤ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਤੁਸੀਂ ਮੈਨੂੰ ਨੂੰ ਕਤਲ ਦੇ ਦੋਸ਼ ਵਿੱਚ ਫਾਂਸੀ ਦੇਣਾ ਚਾਹੁੰਦੇ ਹੋ। ਮੈਂ ਇਸਦਾ ਵਿਰੋਧ ਕਰਦਾ ਹਾਂ ਕਿਉਂਕਿ ਮੈਂ ਕਿਸੇ ਨੂੰ ਨਹੀਂ ਮਾਰਿਆ।
ਉਨ੍ਹਾਂ ਨੇ ਇਹ ਗੱਲ ਪੂਰੀ ਦ੍ਰਿੜਤਾ ਨਾਲ ਕਹੀ ਕਿ ਹਾਂ, ਜੇ ਤੁਸੀਂ ਮੈਨੂੰ ਮੇਰੇ ਵਿਚਾਰਾਂ ਲਈ ਫਾਂਸੀ ਦੇ ਰਹੇ ਹੁੰਦੇ, ਮੈਨੂੰ ਮੌਤ ਦੀ ਸਜ਼ਾ ਦੇ ਰਹੇ ਹੁੰਦੇ ਕਿਉਂਕਿ ਮੈਂ ਮਨੁੱਖੀ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ, ਉਨ੍ਹਾਂ ਦੇ ਸਨਮਾਨਜਨਕ ਜੀਵਨ ਬਾਰੇ ਗੱਲ ਕਰਦਾ ਹਾਂ, ਤਾਂ ਮੈਂ ਇਸਦਾ ਵਿਰੋਧ ਨਾ ਕਰਦਾ। ਮੈਂ ਕਾਤਲ ਨਹੀਂ ਹਾਂ, ਜੇਕਰ ਸੱਚ ਨਾਲ ਖੜ੍ਹੇ ਹੋਣ ਦੀ ਸਜ਼ਾ ਮੌਤ ਹੈ, ਤਾਂ ਮੈਂ ਖੁਸ਼ੀ ਨਾਲ ਆਪਣੀ ਜਾਨ ਕੁਰਬਾਨ ਕਰ ਦਿਆਂਗਾ। ਮੈਨੂੰ ਕਾਤਲ ਕਹੇ ਜਾਣ 'ਤੇ ਇਤਰਾਜ਼ ਹੈ। ਅਡੋਲਫ਼ ਫਿਸ਼ਰ ਨੇ ਅੱਗੇ ਜਾਂਦਿਆਂ ਕਿਹਾ ਕਿ ਮੰਨਿਆ ਸੀ ਕਿ 4 ਮਈ 1886 ਨੂੰ ਹੇਅ ਮਾਰਕੀਟ ਵਿੱਚ ਹੋਈ ਮਜ਼ਦੂਰਾਂ ਦੀ ਮੀਟਿੰਗ ਦੇ ਪ੍ਰਬੰਧਕਾਂ ਵਿੱਚੋਂ ਉਹ ਵੀ ਇੱਕ ਸੀ, ਮੀਟਿੰਗ ਵਿੱਚ ਮੌਜੂਦ ਸੀ ਅਤੇ ਆਪਣੇ ਮਜ਼ਦੂਰ ਜਮਾਤ ਦੇ ਸਾਥੀਆਂ ਦੇ ਹੱਕਾਂ ਲਈ ਭਾਸ਼ਣ ਵੀ ਦਿੱਤਾ ਸੀ। ਮੈਂ ਬੰਬ ਨਹੀਂ ਸੁੱਟਿਆ। ਅਸੀਂ ਆਪਣੇ ਸਾਥੀਆਂ ਦੀ ਪੁਲਿਸ ਵੱਲੋਂ ਕੀਤੀ ਹੱਤਿਆ ਦੇ ਵਿਰੋਧ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀ।
ਅਸੀਂ ਕਿਸੇ ਨੂੰ ਮਾਰਨ ਲਈ ਉੱਥੇ ਨਹੀਂ ਸੀ। ਕਤਲ ਨੂੰ ਭੁੱਲ ਜਾਓ, ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਅਪਰਾਧ ਨਹੀਂ ਕੀਤਾ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਾਤਲ ਕੌਣ ਹੈ, ਤਾਂ ਮੈਂ ਤੁਹਾਨੂੰ ਦੱਸਾਂਗਾ, ਅਸਲੀ ਕਾਤਲ ਗ੍ਰਿਨਲ (ਸਰਕਾਰੀ ਵਕੀਲ) ਹੈ। ਗ੍ਰਿਨਲ ਹੀ ਇਨ੍ਹਾਂ ਸਾਰੇ ਝੂਠੇ ਗਵਾਹਾਂ ਨੂੰ ਸਾਹਮਣੇ ਲਿਆ ਰਿਹਾ ਹੈ। ਉਹ ਸਾਰੇ ਸਹੁੰ ਖਾ ਕੇ ਝੂਠ ਬੋਲ ਰਹੇ ਹਨ ਅਤੇ ਝੂਠੇ ਬਿਆਨ ਦੇ ਰਹੇ ਹਨ, ਜਿਸਦੇ ਨਤੀਜੇ ਵਜੋਂ ਸਾਡੇ ਸਾਰਿਆਂ ਦਾ ਕਤਲ ਹੋਵੇਗਾ। ਅਡੋਲਫ਼ ਫਿਸ਼ਰ ਅਤੇ ਅਗਸਤ ਸਪਾਈਸ ਨੇ ਕਿਹਾ ਸੀ ਕਿ ਜੇਕਰ ਹਾਕਮ ਜਮਾਤ ਇਹ ਸੋਚਦੀ ਹੈ ਕਿ ਸਾਨੂੰ ਮਾਰ ਕੇ ਤੁਸੀਂ ਸਾਡੇ ਵਿਚਾਰਾਂ ਨੂੰ ਮਾਰ ਸਕਦੇ ਹੋ, ਤਾਂ ਤੁਸੀਂ ਗਲਤ ਹੋ। ਅਸੀਂ ਅਜਿਹੇ ਲੋਕ ਹਾਂ ਜੋ ਆਪਣੇ ਵਿਚਾਰਾਂ ਨੂੰ ਆਪਣੀ ਜਾਨ ਤੋਂ ਵੱਧ ਮਹੱਤਵ ਦਿੰਦੇ ਹਾਂ। ਵਿਚਾਰਾਂ ਨੂੰ ਫਾਂਸੀ ਲਟਕਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਦਬਾਉਣ ਨਾਲ ਉਨ੍ਹਾਂ ਦਾ ਸੰਘਰਸ਼ ਹੋਰ ਵੀ ਫੈਲੇਗਾ। ਉਨਾਂ ਸ਼ਹੀਦਾਂ ਨੇ ਇਨਕਲਾਬ-ਜ਼ਿੰਦਾਬਾਦ ਦਾ ਨਾਹਰਾ ਬੁਲੰਦ ਕੀਤਾ ਸੀ।
ਬੁਲਾਰਿਆਂ ਕਿਹਾ ਕਿ ਜਦ ਵੀ ਆਰਥਿਕ ਸੰਕਟ ਵਿੱਚ ਘਿਰਦੇ ਹਨ ਤਾਂ ਇਹ ਬੋਝ ਆਮ ਲੋਕਾਈ ਉੱਤੇ ਪਾਉਂਦੇ ਹਨ। ਸਾਡੇ ਮੁਲਕ ਦੀਆਂ ਸਰਕਾਰਾਂ ਵੀ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਰਾਹੀਂ 39 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕਿਰਤ ਕੋਡ ਲਾਗੂ ਕਰ ਰਹੀਆਂ ਹਨ। ਭਰਾਤਰੀ ਜਥੇਬੰਦੀਆਂ ਵੱਲੋਂ ਮਹਿੰਦਰ ਸਿੰਘ ਰੂੜੇਕੇ, ਸਤਿੰਦਰਪਾਲ ਸਿੰਘ ਜੱਸੜ, ਕੁਲਵੀਰ ਸਿੰਘ ਔਲਖ ਆਦਿ ਆਗੂਆਂ ਨੇ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਠੇਕੇਦਾਰੀ, ਆਊਟਸੋਰਸ ਪ੍ਰਬੰਧ ਲਾਗੂ ਕਰਕੇ ਇਨ੍ਹਾਂ ਕਿਰਤ ਕੋਡਾਂ ਰਾਹੀਂ ਕਿਰਤੀਆਂ ਦੀ ਤਿੱਖੀ ਰੱਤ ਨਿਚੋੜੀ ਜਾ ਰਹੀ ਹੈ। 11 ਹਜ਼ਾਰ ਦੀ ਨਿਗੂਣੀ ਉਜਰਤ ਤੇ 12-12 ਘੰਟੇ ਕੰਮ ਕਰਨ ਲਈ ਮਜ਼ਬੂਰ ਕੀਤਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨੋਇਡਾ, ਫਰੀਦਾਬਾਦ, ਮਨੇਸਰ, ਬਠਿੰਡਾ ਆਦਿ ਥਾਵਾਂ ਤੇ ਉੱਠੇ ਸੰਘਰਸ਼ ਦੇ ਲਾਵਿਆਂ ਨੂੰ ਜ਼ਬਰ ਨਾਲ ਦਬਾਉਣ ਦੀ ਮਨਸ਼ਾ ਪਾਲਦਿਆਂ ਦੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਪਾਵਰਕੌਮ ਵਿੱਚ ਦਹਾਕਿਆਂ ਬੱਧੀ ਸਮੇਂ ਤੋਂ ਸੀਐਚਵੀ ਕਾਮੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਉਹ ਅਨੇਕਾਂ ਵਾਰ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਹੜਤਾਲਾਂ ਕਰ ਚੁੱਕੇ ਹਨ। ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਇਨ੍ਹਾਂ ਕਾਮਿਆਂ ਦੇ ਸੰਘਰਸ਼ ਪ੍ਰਤੀ ਟਾਲਮਟੋਲ ਦੀ ਨੀਤੀ ਅਪਣਾ ਰਹੇ ਹਨ। ਬੁਲਾਰੇ ਆਗੂਆਂ ਹਰਨੇਕ ਸਿੰਘ ਸੰਘੇੜਾ, ਸਿਕੰਦਰ ਸਿੰਘ ਤਪਾ, ਗੋਬਿੰਦਰ ਸਿੰਘ, ਕੁਲਦੀਪ ਸਿੰਘ, ਜਗਦੀਸ਼ ਸਿੰਘ ਨਾਈਵਾਲਾ, ਸ਼ਿੰਗਾਰਾ ਸਿੰਘ, ਰੁਲਦੂ ਸਿੰਘ ਗੁੰਮਟੀ, ਬਹਾਦਰ ਸਿੰਘ ਸੇਖਾ, ਤੀਰਥ ਦਾਸ, ਰਾਜ ਪਤੀ, ਰਾਮਪਾਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੁਲਾਜ਼ਮ/ਪੈਨਸ਼ਨਰ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਇੱਕ ਸ਼ੋਸ਼ਣ-ਮੁਕਤ ਸਮਾਜ ਲਈ ਅੱਗੇ ਵਧਣ ਦੀ ਲੋੜ ਤੇ ਜ਼ੋਰ ਦਿੱਤਾ। ਇੱਕ ਮਤੇ ਰਾਹੀਂ ਸੀਐਚਵੀ ਕਾਮਿਆਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਨ ਦਾ ਐਲਾਨ ਕਰਦਿਆਂ, ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਉਪਰੰਤ ਸ਼ਹਿਰ ਵਿੱਚ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪਾਵਰਕੌਮ ਪੈਨਸ਼ਨਰਜ਼ ਨੇ 'ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ਅਮਰ ਸ਼ਹੀਦਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ, ਇਨਕਲਾਬ-ਜਿੰਦਾਬਾਦ, ਸਾਮਰਾਜਵਾਦ-ਮੁਰਦਾਬਾਦ' ਆਦਿ ਅਕਾਸ਼ ਗੁੰਜਾਊ ਨਾਹਰਿਆਂ ਨਾਲ ਜੋਸ਼ੀਲਾ ਮਾਰਚ ਕੀਤਾ।