ਸੁਖਜਿੰਦਰ ਰੰਧਾਵਾ ਨੇ 'ਆਪ' ਸਰਕਾਰ ਅਤੇ ਡੀਜੀਪੀ 'ਤੇ ਸਾਧੇ ਨਿਸ਼ਾਨੇ; 'ਆਪਰੇਸ਼ਨ ਲੋਟਸ' ਅਤੇ ਸੁਰੱਖਿਆ ਮੁੱਦਿਆਂ 'ਤੇ ਚੁੱਕੇ ਸਵਾਲ
ਚੰਡੀਗੜ੍ਹ 30 ਅਪ੍ਰੈਲ 2026: ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਲਿਆ। ਰੰਧਾਵਾ ਨੇ 'ਆਪਰੇਸ਼ਨ ਲੋਟਸ' ਤੋਂ ਲੈ ਕੇ ਸੂਬੇ ਦੀ ਮੌਜੂਦਾ ਸੁਰੱਖਿਆ ਸਥਿਤੀ ਅਤੇ ਰਾਜ ਸਭਾ ਮੈਂਬਰਾਂ ਦੀ ਚੋਣ ਤੱਕ ਕਈ ਗੰਭੀਰ ਦੋਸ਼ ਲਗਾਏ।
ਰੰਧਾਵਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਵਿਧਾਇਕਾਂ ਨੇ 'ਆਪਰੇਸ਼ਨ ਲੋਟਸ' ਸਬੰਧੀ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦੇ ਸਬੂਤ ਵਜੋਂ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਸਨ। ਉਨ੍ਹਾਂ ਸਵਾਲ ਕੀਤਾ ਕਿ, ਜਿਸ ਸ਼ੀਤਲ ਅੰਗੁਰਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ, ਉਹ ਹੁਣ ਖੁਦ ਭਾਜਪਾ ਵਿੱਚ ਜਾ ਚੁੱਕਾ ਹੈ, ਪਰ ਉਸ ਮਾਮਲੇ ਵਿੱਚ ਕੋਈ ਜਾਂਚ ਕਿਉਂ ਨਹੀਂ ਹੋਈ? ਜੇਕਰ ਇਹ ਸ਼ਿਕਾਇਤ ਝੂਠੀ ਸੀ, ਤਾਂ ਕੀ ਡੀਜੀਪੀ ਹਰਪਾਲ ਚੀਮਾ ਵਿਰੁੱਧ ਝੂਠੀ ਐਫਆਈਆਰ ਦਰਜ ਕਰਵਾਉਣ ਦਾ ਮਾਮਲਾ ਦਰਜ ਕਰਨਗੇ? ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਬਾਵਜੂਦ ਕਿਸੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਰੰਧਾਵਾ ਨੇ ਕਿਹਾ ਕਿ 'ਆਪ' ਕਹਿੰਦੀ ਸੀ ਕਿ ਉਹ ਆਮ ਘਰਾਂ ਦੇ ਲੋਕਾਂ ਨੂੰ ਰਾਜ ਸਭਾ ਭੇਜਣਗੇ, ਪਰ ਉਨ੍ਹਾਂ ਨੇ ਅਸ਼ੋਕ ਮਿੱਤਲ, ਹਰਭਜਨ ਸਿੰਘ ਅਤੇ ਸੰਜੀਵ ਅਰੋੜਾ ਵਰਗੇ ਅਮੀਰ ਲੋਕਾਂ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਅਤੇ ਵਿਕਰਮ ਸਾਹਨੀ ਦਿੱਲੀ ਨਾਲ ਸਬੰਧ ਰੱਖਦੇ ਹਨ। ਰੰਧਾਵਾ ਨੇ ਦੋਸ਼ ਲਾਇਆ ਕਿ ਜਿਸ ਤਰ੍ਹਾਂ ਟਿਕਟਾਂ ਵੇਚੀਆਂ ਗਈਆਂ, ਉਹ ਸ਼ਰਮਨਾਕ ਸੀ।
ਸੁਰੱਖਿਆ ਵਾਪਸ ਲੈਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਬਿਨਾਂ ਕਿਸੇ ਖ਼ਤਰੇ (threat) ਦੇ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਫਿਰ ਵਾਪਸ ਲੈ ਲਈ ਜਾਂਦੀ ਹੈ। ਜੇਕਰ ਉਸ ਵਿਅਕਤੀ ਦਾ ਕੋਈ ਨੁਕਸਾਨ ਹੋ ਜਾਂਦਾ ਹੈ, ਤਾਂ ਉਸ ਅਧਿਕਾਰੀ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਿਸ ਨੇ ਇਹ ਫੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਜਾਨ ਵੀ ਇਸੇ ਲਾਪਰਵਾਹੀ ਕਾਰਨ ਗਈ ਸੀ।
ਰੰਧਾਵਾ ਨੇ ਰੇਲਵੇ ਲਾਈਨ ਬਲਾਸਟ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਡੀਜੀਪੀ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਜਲਦੀ ਦੋਸ਼ੀ ਨੂੰ ਕਾਬੂ ਕਰ ਲਿਆ। ਪਰ ਉਨ੍ਹਾਂ ਮੁੱਖ ਮੰਤਰੀ ਮਾਨ ਦੀ ਚੁੱਪ 'ਤੇ ਸਵਾਲ ਚੁੱਕੇ। ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਪਾਲ ਸਿੰਘ ਤੋਂ NSA ਹਟਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਵੇਂ ਹੀ ਅੰਮ੍ਰਿਤਪਾਲ ਦੇ ਬਾਹਰ ਆਉਣ ਦੀ ਚਰਚਾ ਛਿੜੀ, ਉਸੇ ਸਮੇਂ ਧਮਾਕੇ ਦਾ ਹੋਣਾ ਪੰਜਾਬ ਦੇ ਹਿੰਦੂ-ਸਿੱਖ ਭਾਈਚਾਰੇ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਵਿਧਾਇਕਾਂ ਨੂੰ ਬੁਲਾ ਕੇ 'ਮਦਾਰੀ' ਵਾਂਗ ਨਚਾਇਆ ਹੈ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਨੱਚਣਾ ਉਨ੍ਹਾਂ ਦੇ ਅਹੁਦੇ ਦੀ ਮਰਯਾਦਾ ਦੇ ਖਿਲਾਫ਼ ਸੀ। ਰੰਧਾਵਾ ਨੇ ਵਿਅੰਗ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ 'ਤੇ ਸਰਕਾਰ 'ਬੰਧੂਆ ਮਜ਼ਦੂਰ' ਬਣਾਏ ਗਏ ਆਪਣੇ ਵਿਧਾਇਕਾਂ ਨੂੰ ਪੇਸ਼ ਕਰੇਗੀ ਅਤੇ ਭਰੋਸਗੀ ਮਤਾ (Confidence Motion) ਲੈ ਕੇ ਆਵੇਗੀ।
Click to Follow Babushahi Facebook page →