ਸੰਸਕਾਰ ਵੈਲੀ ਸਮਾਰਟ ਸਕੂਲ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ
ਪਹਿਲੇ ਹੀ ਆਈ.ਸੀ.ਐਸ.ਈ. ਨਤੀਜੇ ਵਿੱਚ ਰਿਹਾ ਸੌ-ਫ਼ੀਸਦੀ ਰਿਜ਼ਲਟ
ਦਲਜੀਤ ਕੌਰ
ਭਵਾਨੀਗੜ੍ਹ, 30 ਅਪ੍ਰੈਲ, 2026: ਸਥਾਨਕ ਸੰਸਕਾਰ ਵੈਲੀ ਸਮਾਰਟ ਸਕੂਲ ਨੇ 10ਵੀਂ ਜਮਾਤ ਦੇ ਆਪਣੇ ਪਹਿਲੇ ਆਈ.ਸੀ.ਐਸ.ਈ. (ICSE) ਬੋਰਡ ਨਤੀਜੇ ਵਿੱਚ ਸ਼ਾਨਦਾਰ ਸਫ਼ਲਤਾ ਦਰਜ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦਾ ਪਹਿਲਾ ਬੈਚ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਨਾ ਸਿਰਫ਼ 100% ਨਤੀਜਾ ਦਿੱਤਾ, ਸਗੋਂ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ (First Division) ਵਿੱਚ ਅੰਕ ਹਾਸਲ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।
ਇਨ੍ਹਾਂ ਪ੍ਰੀਖਿਆ ਨਤੀਜਿਆਂ ਵਿੱਚ ਕੈਵਨਪ੍ਰੀਤ ਕੌਰ ਨੇ 97% ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉੱਥੇ ਹੀ, ਨੈਤਿਕ ਗਰਗ ਨੇ 96% ਅੰਕਾਂ ਨਾਲ ਦੂਜਾ ਅਤੇ ਅਵੀਰੀਤ ਕੌਰ ਨੇ 94% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਦਿਆਂ ਆਪਣੀ ਵਿਦਿਅਕ ਯੋਗਤਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇਸ਼ ਗੱਲ ਇਹ ਰਹੀ ਕਿ ਸਕੂਲ ਦੇ ਸੱਤ ਵਿਦਿਆਰਥੀਆਂ ਨੇ ਪੰਜਾਬੀ, ਇਕਨਾਮਿਕਸ ਅਤੇ ਫਿਜ਼ੀਕਲ ਐਜੂਕੇਸ਼ਨ ਵਿਸ਼ਿਆਂ ਵਿੱਚੋਂ 100 ਵਿੱਚੋਂ 100 ਪੂਰੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
ਨਤੀਜੇ ਐਲਾਨੇ ਜਾਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ। 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ ਸਕੂਲ ਪਹੁੰਚ ਕੇ ਪ੍ਰਿੰਸੀਪਲ ਅਮਨ ਨਿੱਝਰ ਅਤੇ ਸਮੂਹ ਅਧਿਆਪਕ ਵਰਗ ਨੂੰ ਫੁੱਲ ਭੇਂਟ ਕਰਕੇ ਆਪਣਾ ਧੰਨਵਾਦ ਪ੍ਰਗਟਾਇਆ। ਵਿਦਿਆਰਥੀਆਂ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਅਤੇ ਸਕੂਲ ਦੇ ਅਨੁਸ਼ਾਸਿਤ ਵਾਤਾਵਰਣ ਨੂੰ ਦਿੱਤਾ।
ਸਕੂਲ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਟ ਨੇ ਇਸ ਖੁਸ਼ੀ ਦੇ ਮੌਕੇ 'ਤੇ ਸਕੂਲ ਪਹੁੰਚ ਕੇ ਮਾਪਿਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਚੇਅਰਮੈਨ ਧਰਮਵੀਰ ਗਰਗ ਨੇ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਇਹ ਸਾਡੇ ਸਕੂਲ ਦਾ ਪਹਿਲਾ ਬੋਰਡ ਰਿਜ਼ਲਟ ਸੀ ਅਤੇ ਬੱਚਿਆਂ ਨੇ ਜੋ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਉਸ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਅਟੁੱਟ ਲਗਨ ਨੂੰ ਜਾਂਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਵੀ ਤਿਆਰ ਕੀਤਾ ਜਾਂਦਾ ਹੈ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਵਰਕਸ਼ਾਪਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਪ੍ਰਿੰਸੀਪਲ ਅਮਨ ਨਿੱਝਰ ਨੇ ਕਿਹਾ ਕਿ ਪਹਿਲੇ ਹੀ ਬੈਚ ਦਾ ਇੰਨਾ ਸ਼ਾਨਦਾਰ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਬੱਚਿਆਂ ਨੇ ਸਾਲ ਭਰ ਜੀ-ਤੋੜ ਮਿਹਨਤ ਕੀਤੀ ਹੈ ਅਤੇ ਸਕੂਲ ਦੀ ਆਧੁਨਿਕ ਸਿੱਖਿਆ ਪ੍ਰਣਾਲੀ ਰੰਗ ਲਿਆਈ ਹੈ। ਸਕੂਲ ਦੇ ਪ੍ਰੈਜ਼ੀਡੈਂਟ ਈਸ਼ਵਰ ਬੰਸਲ ਨੇ ਸਕੂਲ ਪਹੁੰਚਣ ਵਾਲੇ ਸਾਰੇ ਮਾਪਿਆਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਸਕੂਲ ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਮੰਜ਼ਿਲਾਂ ਸਰ ਕਰਦਾ ਰਹੇਗਾ