ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਸ਼ਹੀਦੀ ਜੋੜ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ
ਵਾਹਿਗੁਰੂ ਦਾ ਨਾਮ ਜਪਣ ਨਾਲ ਹੀ ਲੋਕ ਤੇ ਪ੍ਰਲੋਕ ਤਰਿਆ ਜਾਂਦਾ ਹੈ: ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ
ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਨੇ ਆਈਆਂ ਸੰਗਤਾਂ ਦਾ ਕੀਤਾ ਧੰਨਵਾਦ
ਪੰਜਗਰਾਈਂ ਕਲਾਂ,16 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ): ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦਪੁਰਾਣਾ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਦੀਵਾਨ ਹਾਲ ਵਿੱਚ ਅਰਦਾਸ ਉਪਰੰਤ ਸਜਾਏ ਗਏ ਵਿਸ਼ੇਸ਼ ਦੀਵਾਨ ਵਿੱਚ ਅਨੇਕਾਂ ਢਾਡੀ ,ਰਾਗੀ ਤੇ ਕਵੀਸ਼ਰੀ ਜਥਿਆਂ ਵੱਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਭਾਈ ਇਕਬਾਲ ਸਿੰਘ ਲੰਘੇਆਣਾ,ਭਾਈ ਪ੍ਰਗਟ ਸਿੰਘ ਡੱਕੀ ਸਾਹਿਬ ਵਾਲਿਆਂ ਸਮੇਤ ਇਸ ਮੌਕੇ ਪਹੁੰਚੇ ਅਨੇਕਾਂ ਮਹਾਂਪੁਰਖਾਂ ਨੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਬਾਣੇ ਤੇ ਬਾਣੀ ਦੇ ਧਾਰਨੀ ਹੋ ਕੇ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਡਾਂ ਵਾਲਿਆਂ ਨੇ ਆਪਣੇ ਪ੍ਰਵਚਨਾਂ ਰਾਹੀਂ ਕਿਹਾ ਕੇ ਅੱਜ ਕੱਲ੍ਹ ਇਨਸਾਨ ਪਦਾਰਥਵਾਦੀ ਯੁਗ ਵਿੱਚ ਗੁਆਚ ਕੇ ਆਪਣਾ ਮਰਨਾ ਭੁੱਲ ਬੈਠਾ ਹੈ ਤੇ ਉਹਨਾਂ ਕਿਹਾ ਕੇ ਅੱਜ ਕੱਲ੍ਹ ਬਾਣਾ ਪਾਉਣ ਵਾਲੇ ਭੇਖੀ ਸਿੱਖ ਬਹੁਤੇ ਹਨ ਤੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਤੇ ਸੇਵਾ ਕਰਨ ਵਾਲੇ ਵਿਰਲੇ ਹੀ ਹਨ। ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਕਿਹਾ ਕੇ ਵਾਹਿਗੁਰੂ ਦੇ ਨਾਮ ਜਪਣ ਨਾਲ ਹੀ ਲੋਕ ਤੇ ਪ੍ਰਲੋਕ ਤਰਿਆ ਜਾਣਾ ਹੈ। ਇਸ ਮੌਕੇ ਤੇ ਮਾਝੇ ਤੋਂ ਆਏ ਕਵੀਸ਼ਰ ਗਿਆਨੀ ਕੇਵਲ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸ਼ਹੀਦਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਵਿਚ ਵੱਖਰਾ ਹੀ ਜੋਸ਼ ਭਰਿਆ ਗਿਆ। ਇਸ ਮੌਕੇ ਤੇ ਇਲਾਕੇ ਦੇ ਪਿੰਡਾਂ ਦੀਆਂ ਸੇਵਾ ਸੁਸਾਇਟੀਆਂ, ਕਲੱਬਾਂ ਤੇ ਗੁਰੂ ਘਰ ਵੱਲੋਂ ਸੰਗਤਾਂ ਲਈ ਦਾਲ ,ਪਰਸ਼ਾਦੇ ,ਜਲੇਬੀਆਂ, ਪਕੌੜਿਆਂ ਸਮੇਤ ਅਨੇਕਾਂ ਪਕਵਾਨਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਤੇ ਧੰਨਵਾਦ ਕਰਦਿਆਂ ਗੁਰੂ ਵਾਲੇ ਬਣ ਕੇ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨ ਦਾ ਉਪਦੇਸ਼ ਦਿੱਤਾ। ਇਸ ਮੌਕੇ ਤੇ ਸਟੇਜ ਦੀ ਸੇਵਾ ਬਾਬਾ ਇਕਬਾਲ ਸਿੰਘ ਲੰਗੇਆਣਾ ਨੇ ਨਿਭਾਈ। ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਇਸ ਮੌਕੇ ਤੇ ਪਹੁੰਚੇ ਅਨੇਕਾਂ ਮਹਾਂਪੁਰਖਾਂ ਤੇ ਸੇਵਾਦਾਰਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡੇ,ਭਾਈ ਚਮਕੌਰ ਸਿੰਘ ਚੰਦਪੁਰਾਣਾ,ਭਾਜਪਾ ਆਗੂ ਗੁਰਜੋਤ ਕਵਲ ਮੋਗਾ,ਮੱਖਣ ਸਿੰਘ ਬਰਾੜ, ਮਾਲਵਿਕਾ ਸੂਦ, ਭਾਈ ਦਰਸ਼ਨ ਸਿੰਘ ਡਰੋਲੀ ਭਾਈ, ਡਾਕਟਰ ਅਵਤਾਰ ਸਿੰਘ ਡਰੋਲੀ, ਹਰਵਿੰਦਰ ਸਿੰਘ ਚੰਦਪੁਰਾਣਾ, ਧਰਮ ਸਿੰਘ ਕਾਲੇਕੇ, ਭਾਈ ਰਣਜੀਤ ਸਿੰਘ ਵਾਂਦਰ,ਬਾਬਾ ਪ੍ਰਗਟ ਸਿੰਘ ਢੱਕੀ ਵਾਲੇ,ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਲਵੀਰ ਸਿੰਘ ਲੁਥਰਾ ਭਾਜਪਾ ਵਿਧਾਇਕ ਰਾਇ ਸਿੰਘ ਨਗਰ ਰਾਜਿਸਥਾਨ ਸਮੇਤ ਵੱਡੀ ਗਿਣਤੀ ਵਿੱਚ ਮਹਾਨ ਹਸ਼ਤੀਆਂ ਹਾਜ਼ਰ ਸਨ।