ਜ਼ਿਲ੍ਹਾ ਲਿਖਾਰੀ ਸਭਾ ਦੀ ਹੋਈ ਸਰਬਸੰਮਤੀ ਨਾਲ ਚੋਣ
ਪਰਮਜੀਤ ਕੌਰ ਸਰਹਿੰਦ ਪੰਜਵੀਂ ਵਾਰ ਮੁੜ ਪ੍ਰਧਾਨ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 15 ਮਾਰਚ 2026:- ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ (ਰਜਿ:) ਦੀ ਮਾਸਿਕ ਇਕੱਤਰਤਾ ਅਸ਼ੋਕਾ ਸੀ.ਸੈ. ਸਕੂਲ ਸਰਹਿੰਦ ਵਿਖੇ ਸਭਾ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਵਿੱਚ ਹੋਈ। ਸਭਾ ਦੇ ਸਰਪ੍ਰਸਤ ਲਾਲ ਮਿਸਤਰੀ, ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਵਿਵੇਕ ਨਾਰਦ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਰਹੇ।
ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਸਾਰਿਆਂ ਨੂੰ ਜੀ ਆਇਆਂ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 558 ਦੇ ਸਾਲ ਦੇ ਆਗਮਨ ਦੀ ਮੁਬਾਰਕ ਦਿੱਤੀ। ਉਪਰੰਤ ਪਰਮਜੀਤ ਕੌਰ ਸਰਹਿੰਦ ਨੇ ਸਭਾ ਵਿੱਚ ਪੁੱਜੇ ਨਵੇਂ ਲੇਖਕ/ਮੈਂਬਰਾਂ ਤਵਿੰਦਰ ਸਿੰਘ ਚੱਢਾ (ਚੱਢਾ ਮੋਟਰਜ਼ ਸਰਹਿੰਦ) ਅਤੇ ਸਾਬਕਾ ਬੈਂਕ ਮੈਨੇਜਰ ਮੇਜਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਹਿੱਸਾ ਲੈਣ ਲਈ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਮਾਣ ਕੀਤਾ ਤੇ ਸਭਾ ਨਾਲ ਪੱਕੇ ਤੌਰ 'ਤੇ ਜੁੜਨ ਲਈ ਬੇਨਤੀ ਕੀਤੀ।
ਅਗਲੀ ਕਾਰਵਾਈ ਵਿੱਚ ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਦੋ ਸਾਲਾਂ ਪਿੱਛੋਂ ਹੋਣ ਵਾਲੀ ਚੋਣ ਪਿਛਲੇ ਸਾਲਾਂ ਵਾਂਗ ਸਰਬਸੰਮਤੀ ਨਾਲ ਹੋਈ।
ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਸਰਹਿੰਦ ਸੰਨ 2022 ਤੋਂ ਲਿਖਾਰੀ ਸਭਾ ਦੇ ਪ੍ਰਧਾਨ ਵੱਜੋਂ ਸੇਵਾ ਨਿਭਾ ਰਹੇ ਹਨ। ਇਸ ਵਾਰ ਫਿਰ ਉਨ੍ਹਾਂ ਦੀਆਂ ਸਭਾ ਤੇ ਸਾਹਿਤ ਲਈ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਸਰਬਸੰਮਤੀ ਨਾਲ ਉਨ੍ਹਾਂ ਨੂੰ ਦੋ ਸਾਲਾਂ ਲਈ ਪ੍ਰਧਾਨ ਦੀ ਸੇਵਾ ਸੌਂਪੀ ਗਈ ਹੈ।
ਇਸ ਮੌਕੇ ਪਰਮਜੀਤ ਕੌਰ ਸਰਹਿੰਦ ਤੇ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫ਼ਤਹਿਗੜ੍ਹ ਸਾਹਿਬ ਸੰਨ 1992- 93 ਵਿੱਚ ਹੋਂਦ ਵਿੱਚ ਆਈ। ਸਭਾ ਦੇ ਬਾਨੀ ਉੱਘੇ ਸ਼ਾਇਰ/ ਨਾਵਲਕਾਰ ਲਾਲ ਮਿਸਤਰੀ ਨੇ ਇਹ ਬੂਟਾ ਲਾਇਆ ਜੋ ਅੱਜ ਘਣਛਾਵਾਂ ਰੁੱਖ ਬਣ ਗਿਆ ਹੈ। ਸੁਧੀਰ ਕੁਮਾਰ, ਊਏਡਾ. ਹਰਚੰਦ ਸਿੰਘ ਸਰਹਿੰਦੀ (ਸ਼੍ਰੋਮਣੀ ਸਾਹਿਤਕਾਰ) ਤੇ ਮਰਹੂਮ ਸੋਹਨ ਸਿੰਘ ਪੀਰਜੈਨ ਉਨ੍ਹਾਂ ਦੇ ਸਹਿਯੋਗੀ ਰਹੇ। ਸਮੇਂ ਸਮੇਂ ਅਹੁਦੇਦਾਰ ਬਦਲਦੇ ਰਹੇ ਪਰ ਲਾਲ ਮਿਸਤਰੀ ਤੇ ਡਾ. ਸਰਹਿੰਦੀ ਨਿਰੰਤਰ ਕਾਰਜਸ਼ੀਲ ਰਹੇ। ਇਸੇ ਦੌਰਾਨ ਸੋਹਨ ਸਿੰਘ ਪੀਰਜੈਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਹੁਣ ਲੰਮੇ ਸਮੇਂ ਤੋਂ ਡਾ. ਸਰਹਿੰਦੀ ਉਮਰ ਦੇ ਤਕਾਜ਼ੇ ਕਾਰਨ ਸਭਾ ਵਿੱਚ ਹਾਜ਼ਰੀ ਨਹੀਂ ਭਰ ਸਕਦੇ, ਪਰ ਅੱਜ ਵੀ ਉਨ੍ਹਾਂ ਨੂੰ ਲਾਲ ਮਿਸਤਰੀ ਦੇ ਨਾਲ ਸਭਾ ਦੇ ਸਰਪ੍ਰਸਤ ਥਾਪਿਆ ਹੋਇਆ ਹੈ। ਲਾਲ ਮਿਸਤਰੀ ਨਿਰੰਤਰ ਸਭਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸਾਹਿਤ ਪ੍ਰਤੀ ਲਗਨ ਤੇ ਲਿਖਾਰੀ ਸਭਾ ਪ੍ਰਤੀ ਵਫ਼ਾਦਾਰੀ ਦਾ ਆਦਰ ਕਰਦਿਆਂ ਪਰਮਜੀਤ ਕੌਰ ਸਰਹਿੰਦ ਦਾ ਕਹਿਣਾ ਹੈ,ਕਿ ਜਿਸ ਲਿਖਾਰੀ ਸਭਾ ਰੂਪੀ ਰੁੱਖ ਦੀ ਛਾਂ ਅਸੀਂ ਮਾਣ ਰਹੇ ਹਾਂ ਇਹ ਲਾਲ ਮਿਸਤਰੀ ਦੀ ਦੇਣ ਹੈ। ਅਸੀਂ ਕਲਮਾਂ ਵਾਲੇ ਤਾਂ ਇਸ ਨੂੰ ਗੋਡਣ-ਸਿੰਜਣ ਵਾਲੇ ਹਾਂ। ਉਨ੍ਹਾਂ ਕਿਹਾ ਕਿ ਜਿੰਨੇ ਮਾਣ ਤੇ ਭਰੋਸੇ ਨਾਲ ਮੈਨੂੰ ਇਹ ਜ਼ਿੰਮੇਵਾਰੀ ਸਭਾ ਵੱਲੋਂ ਸੌਂਪੀ ਗਈ ਹੈ ਮੈਂ ਹਮੇਸ਼ਾ ਵਾਂਗ ਸਿਦਕਦਿਲੀ ਨਾਲ ਇਹ ਸੇਵਾ ਨਿਭਾਂਵਾਂਗੀ।
ਇਸ ਮੌਕੇ ਸਿਰਫ਼ ਉਨ੍ਹਾਂ ਅਹੁਦੇਦਾਰਾਂ ਦੀ ਥਾਂ ਨਵੇਂ ਮੈਂਬਰ ਲਏ ਗਏ ਜੋ ਸੰਸਾਰ ਨੂੰ ਅਲਵਿਦਾ ਆਖ ਗਏ ਜਾਂ ਉਮਰ ਦੇ ਹਿਸਾਬ ਨਾਲ ਸਭਾ ਵਿੱਚ ਆਉਣ ਤੋਂ ਅਸਮਰਥ ਹਨ। ਸਭਾ ਵੱਲੋਂ ਉਨ੍ਹਾਂ ਨਾਲ ਰਾਬਤਾ ਰੱਖਿਆ ਜਾਂਦਾ ਹੈ। ਸਭਾ ਦੇ ਪਹਿਲੇ ਕਾਰਕੁਨ ਉਸੇ ਤਰ੍ਹਾਂ ਨਾਮਜ਼ਦ ਕੀਤੇ ਗਏ, ਜਿਨ੍ਹਾਂ ਵਿੱਚ ਪ੍ਰੋ. ਸਾਧੂ ਸਿੰਘ ਪਨਾਗ ਸੀਨੀਅਰ ਮੀਤ ਪ੍ਰਧਾਨ, ਬਲਤੇਜ ਸਿੰਘ ਬਠਿੰਡਾ ਮੀਤ ਪ੍ਰਧਾਨ, ਅਮਰਬੀਰ ਸਿੰਘ ਚੀਮਾਂ ਪ੍ਰੈੱਸ ਸਕੱਤਰ, ਅਵਤਾਰ ਸਿੰਘ ਪੁਆਰ ਕੈਸ਼ੀਅਰ, ਪਹਿਲੇ ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਦੇ ਨਾਲ ਅਜਮੇਰ ਸਿੰਘ ਮਾਨ ਨੂੰ ਨਵਾਂ ਸਕੱਤਰ ਥਾਪਿਆ ਗਿਆ। ਸਿਮਰਨਜੀਤ ਸਿੰਘ ਨੂੰ ਮੀਡੀਆ ਇੰਚਾਰਜ ਤੇ ਐਡ. ਵਿਵੇਕ ਨਾਰਦ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ। ਗੁਰਨਾਮ ਸਿੰਘ ਬਿਜਲੀ ਪਹਿਲੇ ਪ੍ਰਬੰਧਕੀ ਸਲਾਹਕਾਰ ਹੀ ਰਹੇ। ਕਾਰਜਕਾਰਨੀ ਮੈਂਬਰਾਂ ਵਿੱਚ ਰਣਜੀਤ ਸਿੰਘ ਤੇ ਪ੍ਰੇਮ ਲਤਾ ਨੂੰ ਸੇਵਾ ਸੌਂਪੀ ਗਈ।
ਪਰਮਜੀਤ ਕੌਰ ਸਰਹਿੰਦ ਨੇ ਬੀਤੇ ਨੇੜਲੇ ਸਮੇਂ ਲਿਖਾਰੀ ਸਭਾ ਵੱਲੋਂ ਕੀਤੇ ਸਾਹਿਤਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਰੀਬ ਚੌਂਤੀ ਸਾਲ ਪਹਿਲਾਂ ਹੋਂਦ ਵਿੱਚ ਆਈ ਲਿਖਾਰੀ ਸਭਾ ਨੇ ਆਪਸੀ ਸਹਿਮਤੀ ਤੇ ਪ੍ਰੇਮ ਸਦਕਾ ਨਵੀਆਂ ਪੈੜਾਂ ਪਾਈਆਂ। ਸੰਨ 2018 ਵਿੱਚ ਸਭਾ ਦੇ ਲੇਖਕਾਂ ਦੀ ਪਹਿਲੀ ਕਾਵਿ-ਪੁਸਤਕ " ਰੂਹਾਂ ਦੇ ਕਸੀਦੇ" ਦੀ ਸੰਪਾਦਨਾ ਕਰਕੇ ਅਣਗੌਲ਼ੇ ਕਵੀ ਸਾਹਮਣੇ ਲਿਆਂਦੇ। ਕੁਝ ਸਮੇਂ ਪਿੱਛੋਂ ਵਾਰਤਕ ਪੁਸਤਕ "ਚੇਤਿਆਂ 'ਚ ਵਸਦੇ ਪਿੰਡ" ਦੀ ਸੰਪਾਦਨਾ ਵੀ ਪਰਮਜੀਤ ਕੌਰ ਸਰਹਿੰਦ ਨੇ ਕੀਤੀ। ਫਿਰ ਕਾਵਿ-ਸੰਗ੍ਰਹਿ "ਸੁਰਾਂ ਦੀ ਸਾਂਝ" ਦੀ ਸੰਪਾਦਨਾ ਕੀਤੀ। ਮੌਜੂਦਾ ਸਮੇਂ ਸਭਾ ਦਾ ਸਾਂਝਾਂ ਕਾਵਿ-ਸੰਗ੍ਰਹਿ ਤਿਆਰ ਕੀਤਾ ਜਾ ਰਿਹਾ ਹੈ। ਸਭਾ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਸੋਧ ਕੇ ਪੁਸਤਕ ਰੂਪ ਦੇਣ ਤੋਂ ਲੈਕੇ ਲੋਕ ਅਰਪਣ ਕਰਨ ਤੱਕ ਦੀ ਜ਼ਿੰਮੇਵਾਰੀ ਨਿਭਾਉਣ ਨੂੰ ਪਰਮਜੀਤ ਕੌਰ ਸਰਹਿੰਦ ਨੇ ਆਪਣਾ ਫ਼ਰਜ਼ ਸਮਝਕੇ ਸਦਾ ਖਿੜੇ ਮੱਥੇ ਇਹ ਕਾਰਜ ਕੀਤੇ। ਦਸੰਬਰ 2023 ਵਿੱਚ ਸਭਾ ਦੇ ਪੰਜ ਬਜ਼ੁਰਗ ਮੈਂਬਰਾਂ ਦਾ ਲੰਮਾ ਸਮਾਂ ਸਭਾ ਨਾਲ ਜੁੜ ਕੇ ਕਾਰਜਸ਼ੀਲ ਰਹਿਣ ਸਦਕਾ ਸਨਮਾਨ ਕੀਤਾ ਗਿਆ। ਹੁਣੇ 21 ਫਰਵਰੀ, 2026 ਨੂੰ ਪਰਮਜੀਤ ਕੌਰ ਸਰਹਿੰਦ ਦੇ ਸਦਾ ਲਈ ਵਿੱਛੜੇ ਸਾਥੀ ਊਧਮ ਸਿੰਘ ਮੈਨੇਜਰ ਦੀ ਯਾਦ ਵਿੱਚ ਪਰਿਵਾਰ ਅਤੇ ਸਭਾ ਨੇ ਸਾਂਝੇ ਤੌਰ 'ਤੇ ਚਾਰ ਸਾਹਿਤਕਾਰਾਂ ਨੂੰ "ਊਧਮ ਸਿੰਘ ਜੀ ਮੈਨੇਜਰ ਯਾਦਗਾਰੀ ਸਨਮਾਨ" ਦੇ ਕੇ ਮੈਨੇਜਰ ਊਧਮ ਸਿੰਘ ਵੱਲੋਂ ਸਾਹਿਤਕਾਰ ਨਾ ਹੋਣ 'ਤੇ ਵੀ ਲਿਖਾਰੀ ਸਭਾ ਦੀ ਕੀਤੀ ਨਿਸ਼ਕਾਮ ਸੇਵਾ ਨੂੰ ਨਮਨ ਕੀਤਾ ਤੇ ਦੱਸਿਆ ਕਿ ਜੇ ਸਮੇਂ ਨੇ ਸਾਥ ਦਿੱਤਾ ਤਾਂ ਅੱਗੋਂ ਵੀ ਹਰ ਸਾਲ ਦੋ ਸਾਹਿਤਕਾਰਾਂ ਨੂੰ ਇਹ ਯਾਦਗਾਰੀ ਸਨਮਾਨ ਦਿੱਤਾ ਜਾਵੇਗਾ। ਲਿਖਾਰੀ ਸਭਾ ਵੱਲੋਂ ਨਵੇਂ ਕਲਮਕਾਰਾਂ ਦੀਆਂ ਰਚਨਾਵਾਂ ਸੋਧ ਕੇ ਅਖ਼ਬਾਰਾਂ ਰਾਹੀਂ ਪਾਠਕਾਂ ਦੇ ਰੂਬਰੂ ਕਰਨ ਦੀ ਸੇਵਾ ਵੀ ਲਿਖਾਰੀ ਸਭਾ ਦੀ ਪ੍ਰਧਾਨ ਵੱਲੋਂ ਨਿਭਾਈ ਜਾਂਦੀ ਹੈ।
ਇਸ ਮੌਕੇ ਆਏ ਲੇਖਕਾਂ ਤਵਿੰਦਰ ਸਿੰਘ ਚੱਢਾ, ਮੈਨੇਜਰ ਲਾਲ ਮਿਸਤਰੀ, ਮੇਜਰ ਸਿੰਘ , ਸਿਮਰਨਜੀਤ ਸਿੰਘ, ਰਣਜੀਤ ਸਿੰਘ, ਅਜਮੇਰ ਸਿੰਘ ਮਾਨ, ਪ੍ਰੇਮ ਲਤਾ, ਬਲਤੇਜ ਸਿੰਘ ਬਠਿੰਡਾ, ਅਮਰਬੀਰ ਸਿੰਘ ਚੀਮਾਂ, ਵਿਵੇਕ ਨਾਰਦ, ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਪੁਆਰ, ਮਨਿੰਦਰ ਕੌਰ ਬਸੀ, ਹਰਜਿੰਦਰ ਸਿੰਘ ਗੋਪਾਲੋਂ, ਸੁਖਵੰਤ ਸਿੰਘ ਭੱਟੀ ਤੇ ਹੋਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲਾਲ ਮਿਸਤਰੀ ਤੇ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਕੀਤੇ ਅਤੇ ਅੱਗੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਅਖ਼ੀਰ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਸਰਬਸੰਮਤੀ ਨਾਲ ਹੋਈ ਚੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰਿਆਂ ਨੂੰ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਕੰਮ ਕਰਨ ਤੇ ਸਾਹਿਤ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਉੱਭਰਦੇ ਕਲਮਕਾਰਾਂ ਨੂੰ ਸਭਾ ਵੱਲੋਂ ਪੂਰਾ ਮਾਣ ਤੇ ਸਹਿਯੋਗ ਦਿੱਤਾ ਜਾਵੇਗਾ।