ਮਾਨਸਾ ਦੇ ਸਰਸ ਮੇਲੇ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਲਾਈ ਗੀਤਾਂ ਦੀ ਛਹਿਬਰ
ਅਸ਼ੋਕ ਵਰਮਾ
ਮਾਨਸਾ, 15 ਮਾਰਚ 2026: ਮਾਨਸਾ ਦੀ ਅਨਾਜ ਮੰਡੀ ਵਿਖੇ ਚੱਲ ਰਹੇ ਸਰਸ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੀ ਦਮਦਾਰ ਆਵਾਜ਼ ਅਤੇ ਚਰਚਿਤ ਗੀਤਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਜ਼ਾਰਾਂ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਸ੍ਰੀਮਤੀ ਹਰਪਾਲ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਗ ਡਾ. ਵਿਜੈ ਸਿੰਗਲਾ ਵਿਧਾਇਕ ਮਾਨਸਾ,ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ ,ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ, ਨਵਜੋਤ ਕੌਰ ਡਿਪਟੀ ਕਮਿਸ਼ਨਰ, ਭਾਗੀਰਥ ਸਿੰਘ ਮੀਨਾ ਐਸ.ਐਸ.ਪੀ, ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਚਰਨਜੀਤ ਸਿੰਘ ਅੱਕਾਂਵਾਲੀ, ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਏਡੀਸੀ ਅਨੁਪ੍ਰਿਤਾ ਜੌਹਲ, ਮੁੱਖ ਮੰਤਰੀ ਫੀਲਡ ਅਫਸਰ ਗੁਰਲੀਨ ਕੌਰ, ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪ੍ਰਧਾਨ ਸ਼ਰਨਜੀਤ ਕੌਰ, ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਹਰਜਿੰਦਰ ਸਿੰਘ ਜੱਸਲ ਅਤੇ ਗਗਨਦੀਪ ਸਿੰਘ ਹਾਜ਼ਰ ਸਨ।
ਸਰਸ ਮੇਲੇ ਦੀ ਇਸ ਯਾਦਗਾਰੀ ਸ਼ਾਮ ਦੌਰਾਨ ਗੁਰਦਾਸ ਮਾਨ ਨੇ ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ ਬੁਲੰਦ ਆਵਾਜ਼ ਵਿੱਚ ਇੱਕ ਤੋਂ ਬਾਅਦ ਇੱਕ ਸਦਾਬਹਾਰ ਗੀਤਾਂ ਦੀ ਝੜੀ ਲਗਾ ਦਿੱਤੀ। ਜਿਉਂ ਹੀ ਉਨ੍ਹਾਂ ਨੇ 'ਛੱਲਾ', 'ਸੱਜਣਾ ਵੇ ਸੱਜਣਾ' ਅਤੇ 'ਤਾਰੇ ਗਵਾਹ ਨੇ' ਵਰਗੇ ਰੂਹਾਨੀ ਗੀਤ ਸ਼ੁਰੂ ਕੀਤੇ, ਤਾਂ ਪੂਰਾ ਪੰਡਾਲ ਮੰਤਰ-ਮੁਗਧ ਹੋ ਕੇ ਨੱਚਣ ਲਈ ਮਜਬੂਰ ਹੋ ਗਿਆ। ਉਨ੍ਹਾਂ ਦੀ ਗਾਇਕੀ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਮਹਿਕ ਸਾਫ਼ ਝਲਕ ਰਹੀ ਸੀ, ਜਿਸ ਨੇ ਰਾਤ ਤੱਕ ਹਰ ਉਮਰ ਦੇ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਮੇਲੇ ਦਾ ਮਾਹੌਲ ਉਸ ਵੇਲੇ ਸਿਖਰਾਂ 'ਤੇ ਪਹੁੰਚ ਗਿਆ ਜਦੋਂ ਗੁਰਦਾਸ ਮਾਨ ਨੇ 'ਆਪਣਾ ਪੰਜਾਬ ਹੋਵੇ', 'ਇਸ਼ਕ ਦਾ ਗਿੱਧਾ' ਅਤੇ 'ਬਾਬੇ ਭੰਗੜਾ ਪਾਉਂਦੇ ਨੇ' ਵਰਗੇ ਜੋਸ਼ੀਲੇ ਗੀਤਾਂ ਨਾਲ ਹਾਜ਼ਰੀ ਲਵਾਈ। 'ਕੀ ਬਣੂ ਦੁਨੀਆ ਦਾ' ਅਤੇ 'ਸਾਈਕਲ' ਵਰਗੇ ਗੀਤਾਂ 'ਤੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਨੇ ਵੀ ਖ਼ੂਬ ਭੰਗੜਾ ਪਾਇਆ ਅਤੇ ਜ਼ਬਰਦਸਤ ਹੁੰਗਾਰਾ ਦਿੱਤਾ।
Click to Follow Babushahi Facebook page →