ਅਮਿਤ ਸ਼ਾਹ ਦੀ ਮੋਗਾ BJP ਰੈਲੀ 'ਤੇ ਤਿਰਛੀ ਨਜ਼ਰ ਬਲਜੀਤ ਬੱਲੀ ਦੀ :
2027 ਦੀ ਚੋਂ ਇਕੱਲੇ ਲੜਨ ਦੀ ਮਨਸ਼ਾ ਪਰ ਗਠਜੋੜ ਦੀ ਗੁੰਜਾਇਸ਼ ਨੂੰ ਮੂਲੋਂ ਰੱਦ ਨਹੀਂ ਕੀਤਾ
ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਨੇੜੇ ਕੀਤੀ ਗਈ ਅਮਿਤ ਸ਼ਾਹ ਦੀ ਰੈਲੀ ਵਿਉਂਤਬੰਦੀ, ਇਕੱਠ ਅਤੇ ਸਮਾਜਿਕ ਸ਼ਿਰਕਤ ਪੱਖੋਂ ਬਹੁ-ਰੰਗੀ ਸੀ।
ਕੇਸਰੀ ਦਸਤਾਰ ਪਾ ਕੇ ਆਏ ਅਮਿਤ ਸ਼ਾਹ ਨੇ ਬੇਸ਼ੱਕ ਭਾਜਪਾ ਲੀਡਰਸ਼ਿਪ ਦੀ ਇਹ ਇੱਛਾ ਤੇ ਮਨਸ਼ਾ ਜ਼ਾਹਿਰ ਕੀਤੀ ਕਿ ਪਾਰਟੀ ਇਸ ਵਾਰ ਇਕੱਲੇ ਚੋਣ ਲੜਨਾ ਚਾਹੁੰਦੀ ਹੈ ਅਤੇ ਇਸ ਲਈ ਤਿਆਰੀ ਕਰ ਰਹੀ ਹੈ, ਪਰ ਇਸ ਦੇ ਬਾਵਜੂਦ ਇੱਕ ਘਾਗ ਸਿਆਸਤਦਾਨ ਵਜੋਂ ਉਨ੍ਹਾਂ ਨੇ ਇਹ ਸਪਸ਼ਟ ਐਲਾਨ ਨਹੀਂ ਕੀਤਾ ਕਿ ਭਾਜਪਾ, ਅਕਾਲੀ ਦਲ ਜਾਂ ਕਿਸੇ ਹੋਰ ਦਲ ਨਾਲ ਕਿਸੇ ਵੀ ਹਾਲਤ ਵਿੱਚ ਗਠਜੋੜ ਨਹੀਂ ਕਰੇਗੀ।
ਉਨ੍ਹਾਂ ਨੇ ਆਪਣੇ ਪੂਰੇ ਭਾਸ਼ਣ ਵਿੱਚ ਇਹ ਨਹੀਂ ਕਿਹਾ ਕਿ ਭਾਜਪਾ ਸਾਰੀਆਂ 117 ਸੀਟਾਂ 'ਤੇ ਇਕੱਲੀ ਲੜੇਗੀ। ਇਸ ਦਾ ਗੂੜ੍ਹਾ ਅਰਥ ਇਹ ਹੈ ਕਿ ਇੱਕ ਸੁਲਝੇ ਹੋਏ ਨੇਤਾ ਵਜੋਂ ਉਨ੍ਹਾਂ ਨੇ ਭਵਿੱਖ ਵਿੱਚ ਗਠਜੋੜ ਦੀ ਗੁੰਜਾਇਸ਼ ਬਰਕਰਾਰ ਰੱਖੀ ਹੈ।
ਮਿਸਾਲ ਵਜੋਂ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵੀ ਇਹੀ ਦਾਅਵਾ ਕਰਦਾ ਹੈ ਕਿ ਉਹ ਆਪਣੀ ਸਰਕਾਰ ਬਣਾਉਣਗੇ, ਉਨ੍ਹਾਂ ਨੇ ਵੀ ਕਦੇ ਗਠਜੋੜ ਦੀ ਸਰਕਾਰ ਦੀ ਗੱਲ ਨਹੀਂ ਕੀਤੀ।
ਨਸ਼ੇ ਅਤੇ ਧਰਮ-ਪਰਿਵਰਤਨ ਤੋਂ ਇਲਾਵਾ ਅਮਿਤ ਸ਼ਾਹ ਨੇ ਪੰਜਾਬ ਦੇ ਬੁਨਿਆਦੀ ਅਤੇ ਲੰਮੇ ਸਮੇਂ ਤੋਂ ਲਟਕਦੇ ਮੁੱਦੇ ਨਹੀਂ ਛੇੜੇ।
ਇਨ੍ਹਾਂ ਵਿੱਚ ਪਾਣੀਆਂ ਦਾ ਮੁੱਦਾ, ਨੌਜਵਾਨਾਂ ਦੇ ਰੁਜ਼ਗਾਰ ਅਤੇ ਵਿਦੇਸ਼ ਵੱਲ ਰੁਝਾਨ ਦਾ ਮੁੱਦਾ, ਸੂਬੇ ਸਿਰੇ ਚੜ੍ਹੇ ਕਰਜ਼ੇ ਅਤੇ ਵਿੱਤੀ ਸੰਕਟ, ਬਾਹਰ ਫਸੇ ਪੰਜਾਬੀਆਂ , ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ,ਕਿਸਾਨਾਂ ਦੇ ਕਰਜ਼ੇ,, ਬਾਰਡਰ ਦੇ ਕਿਸਾਨਾਂ ਅਤੇ ਹੋਰ ਲੋਕਾਂ ਦੀਆਂ ਮੁਸ਼ਕਲਾਂ, ਹੜ੍ਹਾਂ ਨਾਲ ਹੋਈ ਤਬਾਹੀ , ਵਪਾਰਕ ਫਸਲਾਂ ਦੇ ਭਾਅ ਅਤੇ ਪ੍ਰੋਸੈਸਿੰਗ ਆਦਿਕ ਸ਼ਾਮਲ ਹਨ.
ਉਨ੍ਹਾਂ ਨੇ ਮੋਦੀ ਸਰਕਾਰ ਨੂੰ ਸਿੱਖਾਂ ਦੀ ਹਮਾਇਤੀ ਦਰਸਾਉਂਦਿਆਂ ਕਾਂਗਰਸ ਨੂੰ ਸਿੱਖ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ।
ਆਮ ਆਦਮੀ ਪਾਰਟੀ 'ਤੇ ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੇ ਦੋਸ਼ ਤਾਂ ਲਾਏ, ਪਰ ਕੋਈ ਅਜਿਹਾ ਠੋਸ ਤੱਥ ਜਾਂ ਐਲਾਨ ਨਹੀਂ ਕੀਤਾ ਜਿਸ ਨਾਲ 'ਆਪ' ਨੂੰ ਵੱਡੀ ਸੱਟ ਵੱਜੇ।
ਅਮਿਤ ਸ਼ਾਹ ਨੇ ਅਕਾਲੀ ਦਲ ਦਾ ਜ਼ਿਕਰ ਸਿਰਫ਼ ਪਿਛਲੀਆਂ ਸਰਕਾਰਾਂ ਦੇ ਪ੍ਰਸੰਗ ਵਿੱਚ ਕੀਤਾ, ਪਰ ਦਲ ਦੀ ਲੀਡਰਸ਼ਿਪ 'ਤੇ ਸਿੱਧੇ ਸਿਆਸੀ ਹਮਲੇ ਤੋਂ ਗੁਰੇਜ਼ ਕੀਤਾ। ਇਹ ਅਣਕਹੀ 'ਨਰਮੀ' ਕਾਫ਼ੀ ਅਹਿਮ ਹੈ। ਹਾਲਾਂਕਿ ਸ਼ਾਹ ਦਾ 19 ਫ਼ੀਸਦੀ ਵੋਟਾਂ ਵਾਲਾ ਫਾਰਮੂਲਾ ਵਜ਼ਨਦਾਰ ਲੱਗਦਾ ਹੈ, ਪਰ ਪੰਜਾਬ ਦਾ ਸਿਆਸੀ ਸੁਭਾਅ ਦੂਜੇ ਸੂਬਿਆਂ ਨਾਲੋਂ ਵੱਖਰਾ ਹੈ।
ਇੱਕ ਅਹਿਮ ਸਵਾਲ ਇਹ ਵੀ ਉੱਠਿਆ ਕਿ ਹਫ਼ਤੇ ਵਿੱਚ ਦੋ-ਦੋ ਚੱਕਰ ਲਾਉਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰੈਲੀ ਵਿੱਚ ਕਿਉਂ ਨਹੀਂ ਆਏ?
ਇਸ ਤੋਂ ਇਲਾਵਾ, ਅਮਿਤ ਸ਼ਾਹ ਨੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਚੰਡੀਗੜ੍ਹ ਦੇ ਘੇਰੇ ਵਿੱਚੋਂ ਕੱਢ ਕੇ ਪੰਜਾਬ ਭਾਜਪਾ ਦੀ ਪਹਿਲੀ ਕਤਾਰ ਦੀ ਲੀਡਰਸ਼ਿਪ ਵਿੱਚ ਲਿਆ ਖੜ੍ਹਾ ਕੀਤਾ ਹੈ।
ਸਮੁੱਚੇ ਤੌਰ 'ਤੇ ਇਹ ਰੈਲੀ ਭਾਜਪਾ ਵਰਕਰਾਂ ਵਿੱਚ ਉਤਸ਼ਾਹ ਤਾਂ ਭਰੇਗੀ, ਪਰ ਭਵਿੱਖ ਦੇ ਗਠਜੋੜਾਂ ਬਾਰੇ ਕਈ ਸਵਾਲ ਅਜੇ ਵੀ ਬਰਕਰਾਰ ਹਨ।
ਸਿਆਸੀ ਤੌਰ ਤੇ ਬੀ ਜੇ ਪੀ ਦੇ ਉਭਾਰ ਅਤੇ ਅਕਾਲੀ ਦਲ ਦੇ ਬਰਾਬਰ ਖੜ੍ਹੇ ਹੋਣ ਦੇ ਯਤਨ ਤੋਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਨ ਅੰਦਰੋਂ ਤਾਂ ਖੁਸ਼ ਹੀ ਹੋਣਗੇ ਕਿਓਂ ਕਿ ਜੇਕਰ ਅਕਾਲੀ ਬੀ ਜੇ ਪੀ ਗਠਜੋੜ ਹੋਵੇ ਤਾਂ ਇਹ 2027 ਵਿੱਚ ਆਪ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ .
--------
-------------------
ਅਹਿਮ ਨੁਕਤੇ
1. ਗਠਜੋੜ ਦੀ ਗੁੰਜਾਇਸ਼-Amit Shah** ਨੇ ‘ਇਕੱਲੇ ਲੜਨ’ ਦੀ ਗੱਲ ਤਾਂ ਕੀਤੀ, ਪਰ Shiromani Akali Dalਨਾਲ ਗਠਜੋੜ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ।
2.ਅਕਾਲੀ ਦਲ ਪ੍ਰਤੀ ਨਰਮੀ: ਭਾਸ਼ਣ ਦੌਰਾਨ ਅਕਾਲੀ ਲੀਡਰਸ਼ਿਪ ‘ਤੇ ਕੋਈ ਸਿੱਧਾ ਸਿਆਸੀ ਹਮਲਾ ਨਹੀਂ ਕੀਤਾ ਗਿਆ, ਜੋ ਕਿਸੇ ਗੁਪਤ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ।
3. ਮੁੱਦਿਆਂ ਦੀ ਚੋਣ- ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਬਜਾਏ ਸਿਰਫ਼ ਨਸ਼ੇ, ਧਰਮ-ਪਰਿਵਰਤਨ ਅਤੇ ਸਿੱਖ ਇਤਿਹਾਸ ‘ਤੇ ਹੀ ਕੇਂਦਰਿਤ ਰਹੇ।
4. ਆਪ’ ‘ਤੇ ਹਮਲੇ-Aam Aadmi Party ਅਤੇ ਮਾਨ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਆਮ ਦੋਸ਼ ਲਾਏ ਗਏ, ਪਰ ਕਿਸੇ ਨਵੇਂ ਜਾਂ ਵੱਡੇ ਖੁਲਾਸੇ ਦੀ ਕਮੀ ਰਹੀ।
5. ਸਤਨਾਮ ਸਿੰਘ ਸੰਧੂ ਦਾ ਉਭਾਰ:Satnam Singh Sandhu ਨੂੰ ਚੰਡੀਗੜ੍ਹ ਤੱਕ ਸੀਮਤ ਦਾਇਰੇ ਤੋਂ ਕੱਢ ਕੇ ਪੰਜਾਬ ਦੀ ਮੁੱਖ ਸਿਆਸਤ ਵਿੱਚ ਅਹਿਮ ਸਥਾਨ ਦਿੱਤਾ ਗਿਆ।
6. ਨਾਇਬ ਸੈਣੀ ਦੀ ਗੈਰ-ਹਾਜ਼ਰੀ:ਹਰਿਆਣਾ ਦੇ ਮੁੱਖ ਮੰਤਰੀ Nayab Singh Saini ਦੀ ਰੈਲੀ ਵਿੱਚ ਗੈਰ-ਹਾਜ਼ਰੀ ਇੱਕ ਵੱਡਾ ਸਵਾਲੀਆ ਨਿਸ਼ਾਨ ਛੱਡ ਗਈ।
7. ਵੋਟ ਫਾਰਮੂਲਾ: 19% ਵੋਟਾਂ ਦੇ ਆਧਾਰ ‘ਤੇ ਸਰਕਾਰ ਬਣਾਉਣ ਦੇ ਦਾਅਵੇ ਵਿੱਚ ਵਜਨ ਹੈ ਪਰ ਪੰਜਾਬ ਬਾਕੀ ਸੂਬਿਆਂ ਨਾਲੋਂ ਵੱਖਰਾ ਹੈ ਇਸ ਦੇ ਚੋਣ ਨਤੀਜੇ ਅਕਸਰ ਦੇਸ਼ ਦੇ ਰੁਝਾਨ ਤੋਂ ਵੱਖਰੇ ਹੁੰਦੇ ਹਨ।
********
March 15, 2026
Baljit Balli
Editor-In-Chief, Babushahi Network
tirshinazar@gmail.com

-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.