ਖੰਨਾ ਵਿੱਚ ਹੰਗਾਮਾ: ਬੀਡੀਪੀਓ ਦਫ਼ਤਰ ਨੂੰ ਤਾਲਾ ਲਾਉਣ ਜਾ ਰਹੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਸਮੇਤ ਕਈ ਕਾਂਗਰਸੀ ਆਗੂ ਹਿਰਾਸਤ ਵਿੱਚ
Ravinder singh
ਖੰਨਾ: 16 ਮਾਰਚ, 2026
ਖੰਨਾ ਵਿੱਚ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦੀ ਚੋਣ ਨੂੰ ਲੈ ਕੇ ਸਿਆਸੀ ਪਾਰਾ ਭਖ ਗਿਆ। ਇਸ ਚੋਣ ਪ੍ਰਕਿਰਿਆ ਦਾ ਵਿਰੋਧ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਉਨ੍ਹਾਂ ਦੇ ਸਮਰਥਕ ਬੀਡੀਪੀਓ (BDPO) ਦਫ਼ਤਰ ਨੂੰ ਤਾਲਾ ਜੜਨ ਲਈ ਰਵਾਨਾ ਹੋਏ, ਜਿਨ੍ਹਾਂ ਨੂੰ ਪੁਲਿਸ ਨੇ ਮੌਕੇ 'ਤੇ ਹੀ ਹਿਰਾਸਤ ਵਿੱਚ ਲੈ ਲਿਆ। ਕਾਂਗਰਸ ਪਾਰਟੀ ਵੱਲੋਂ ਪਹਿਲਾਂ ਹੀ ਇਸ ਚੋਣ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਸ਼ਹਿਰ ਵਿੱਚ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਸੀ।
ਸਮਰਾਲਾ ਚੌਂਕ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ 'ਗੈਰ-ਲੋਕਤੰਤਰਿਕ' ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਹ ਚੋਣਾਂ ਨਿਰਪੱਖ ਨਹੀਂ ਹਨ। ਜਿਵੇਂ ਹੀ ਪ੍ਰਦਰਸ਼ਨਕਾਰੀ ਬੀਡੀਪੀਓ ਦਫ਼ਤਰ ਵੱਲ ਵਧੇ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਖੰਨਾ ਵਿੱਚ ਇਸ ਘਟਨਾ ਤੋਂ ਬਾਅਦ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Click to Follow Babushahi Facebook page →