ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ; ADC ਨੇ ਰਿਟਰਨਿੰਗ ਅਧਿਕਾਰੀਆਂ ਤੋਂ ਲਿਆ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਦਾ ਜਾਇਜ਼ਾ
ਜ਼ਿਲੇ ‘ਚ ਚਾਰ ਸਥਾਨਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ, ਸਵੇਰੇ 08:00 ਵਜੇ ਤੋਂ ਸ਼ੁਰੂ ਹੋਵੇਗੀ ਗਿਣਤੀ
ਸਮੇਂ ਸਿਰ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕੀਤੇ ਜਾਣ : ਅਵਨੀਤ ਕੌਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਦਸੰਬਰ 2025- ਬੀਤੇ ਦਿਨ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਚਾਰ ਸਥਾਨਾਂ ‘ਤੇ ਸਵੇਰੇ 08:00 ਵਜੇ ਤੋਂ ਹੋਵੇਗੀ । ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਨੇ ਅੱਜ ਇੱਥੇ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵੋਟਾਂ ਦੀ ਗਿਣਤੀ ਲਈ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਵਿਸਥਾਰ ਵਿੱਚ ਜਾਇਜ਼ਾ ਲੈਂਦਿਆਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਮੇਂ ਸਿਰ ਢੁਕਵੇਂ ਇੰਤਜ਼ਾਮ ਅਮਲ ਵਿੱਚ ਲਿਆਂਦੇ ਜਾਣ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਚਾਰ ਸਥਾਨਾਂ ‘ਤੇ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਜਿਸ ਨਵਾਂਸ਼ਹਿਰ ਲਈ ਸਥਾਨਕ ਆਰ.ਕੇ.ਆਰੀਆ ਕਾਲਜ, ਬੰਗਾ ਲਈ ਗੁਰੂ ਨਾਨਕ ਗਰਲਜ਼ ਕਾਲਜ, ਬਲਾਚੌਰ ਲਈ ਬਾਬਾ ਬਲਰਾਜ ਕਾਲਜ ਅਤੇ ਸੜੋਆ ਬਲਾਕ ਲਈ ਜਵਾਹਰ ਨਵੋਦਿਆ ਵਿਦਿਆਲਾ, ਪੋਜੇਵਾਲ ਵਿਖੇ ਵੋਟਾਂ ਦੀ ਗਿਣਤੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਢੁਕਵੀਂ ਗਿਣਤੀ ਵਿੱਚ ਸਟਾਫ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਗਿਣਤੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਮੁਕੰਮਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਜ਼ੋਨਾਂ ਦੀ ਗਿਣਤੀ ਮੁਤਾਬਕ ਟੇਬਲ ਸਥਾਪਤ ਕੀਤੇ ਜਾਣਗੇ ਅਤੇ ਹਰੇਕ ਟੇਬਲ ‘ਤੇ ਗਿਣਤੀ ਸੁਪਰਵਾਈਜ਼ਰ ਅਤੇ ਤਿੰਨ ਸਟਾਫ ਮੈਂਬਰ ਤਾਇਨਾਤ ਹੋਣਗੇ । ਇਸ ਤੋਂ ਇਲਾਵਾ ਗਿਣਤੀ ਕੇਂਦਰਾਂ ਵਿਖੇ ਮਾਈਕਰੋ ਕਾਊਂਟਿੰਗ ਅਬਜਰਵਰ ਵੀ ਤਾਇਨਾਤ ਰਹਿਣਗੇ ਜੋ ਸਮੁੱਚੀ ਪ੍ਰਕਿਰਿਆ ‘ਤੇ ਨਜ਼ਰ ਰੱਖਣਗੇ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਅਤੇ ਬੰਗਾ ਦੇ 25-25 ਜ਼ੋਨਾਂ ਲਈ 25-25 ਟੇਬਲ ਲਾਏ ਗਏ ਹਨ । ਇਸੇ ਤਰ੍ਹਾਂ ਬਲਾਚੌਰ ਲਈ 17 ਅਤੇ ਸੜੋਆ ਬਲਾਕ ਲਈ 15 ਟੇਬਲ ਲਾਏ ਗਏ ਹਨ । ਉਨ੍ਹਾਂ ਨੇ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕੀਤੀਆਂ ਜਾਣ ਤਾਂ ਜੋ ਗਿਣਤੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ।