ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਹੱਕਾਂ ਨੂੰ ਚੁਣੌਤੀਆਂ ਵਿਸ਼ੇ ਤੇ ਕਨਵੈਂਸ਼ਨ ਅਤੇ ਮੁਜ਼ਾਹਰਾ
ਅਸ਼ੋਕ ਵਰਮਾ
ਬਠਿੰਡਾ, 10 ਦਸੰਬਰ 2025 : ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵੱਲੋਂ ਅੱਜ ਮਨੁੱਖੀ ਅਧਿਕਾਰ ਦਿਵਸ ਮੌਕੇ ਟੀਚਰਜ਼ ਹੋਮ ਬਠਿੰਡਾ ਵਿੱਚ ਮਨੁੱਖੀ ਹੱਕਾਂ ਨੂੰ ਅੱਜ ਦੀਆਂ ਚੁਣੌਤੀਆਂ ਵਿਸ਼ੇ ਤੇ ਇੱਕ ਕਨਵੈਂਸ਼ਨ ਕਰਵਾਈ ਗਈ ਜਿਸ ਦੇ ਮੁੱਖ ਬੁਲਾਰੇ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਸਨ। ਮੁੱਖ ਬੁਲਾਰੇ ਨੇ ਕੌਮਾਂਤਰੀ ਮੁਖੀ ਅਧਿਕਾਰ ਐਲਾਨਨਾਮ-1948 ਦੇ ਹਵਾਲੇ ਨਾਲ ਪ੍ਰੋਫੈਸਰ ਸਾਹਿਬ ਨੇ ਮਨੁੱਖੀ ਹੱਕਾਂ ਦਾ ਇਤਿਹਾਸ, ਹਿਊਮਨ ਰਾਈਟਸ ਚਾਰਟ ਅਤੇ ਪੂੰਜੀਪ੍ਰਸਤੀ ਤੋਂ ਮੁਕਤੀ,ਆਰਥਿਕ ਸਮਾਜਿਕ ਤੇ ਮਾਨਵਤੀ ਜ਼ਿੰਦਗੀ ਜਿਉਣ ਦਾ ਹੱਕ,ਲੇਬਰ ਕਨੂੰਨ,ਸਿਹਤ ਅਤੇ ਬੁਨਿਆਦੀ ਸਹੂਲਤਾਂ ਦਾ ਅਧਿਕਾਰ, ਸੱਭਿਆਚਾਰ ਦਾ ਹੱਕ,ਬਰਾਬਰੀ,ਸੰਵਾਦ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਗਰੀਬੀ ਤੋਂ ਮੁਕਤੀ,ਤਸ਼ੱਦਦ ਅਤੇ ਹਰ ਕਿਸਮ ਦੇ ਵਿਤਕਰੇ ਤੋਂ ਮੁਕਤੀ ਲਈ ਨਵ ਉਦਾਰਵਾਦੀ/ ਸਾਮਰਾਜੀ ਨੀਤੀ ਦੇ ਮਾਡਲ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਨਿਜਤਾ ਦੇ ਹੱਕ ਤੇ ਜਸੂਸੀ ਹੋ ਰਹੀ ਹੈ l
ਉਹਨਾਂ ਕਿਹਾ ਕਿ ਕਈ ਤਰ੍ਹਾਂ ਦੇ ਨਾਲ ਸੁਧਾਰ ਦੇ ਨਾਂ ਹੇਠ ਪੂੰਜੀਵਾਦ ਦੀ ਰਾਖੀ ਕੀਤੀ ਜਾ ਰਹੀ ਹੈ ਅਗਿਆਨਤਾ ਅਤੇ ਲੋਕਾਂ ਚ ਵੱਡੀਆਂ ਪਾ ਕੇ ਉਧਮ ਸਿੰਘ ,ਡਾ.ਅੰਬੇਦਕਰ ,ਸ਼ਹੀਦ ਭਗਤ ਸਿੰਘ ਤੇ ਪੈਰੀਅਰ ਦੇ ਵਿਚਾਰਾ ਨੂੰ ਲੋਕਾਂ ਚੋ ਖ਼ਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤਾਂ ਦੀ ਬਰਾਬਰੀ ਦਾ ਹੱਕ ਪੂੰਜੀਪ੍ਰਸਤ ਮਾਡਲ ਦੇ ਵਿੱਚ ਨਹੀਂ ਰਹਿ ਸਕਦਾ,ਜਮੀਨ, ਜੰਗਲ ਤੇ ਜਲ ਦੀ ਰਾਖੀ ਕਰਨ ਦੇ ਲਈ ਲੜੇ ਜਾ ਰਹੇ ਸੰਘਰਸ਼ ਅੱਜ ਬਹੁਤ ਅਹਿਮੀਅਤ ਰੱਖਦੇ ਹਨ l ਸਮਾਗਮ ਦੇ ਸ਼ੁਰੂ ਵਿੱਚ ਵਿਛੜ ਗਏ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਗਿਆ l
ਪ੍ਰਜ਼ੀਡੀਅਮ ਵਿੱਚ ਪ੍ਰਿੰ ਬੱਗਾ ਸਿੰਘ ਜ਼ਿਲ੍ਹਾ ਪ੍ਰਧਾਨ,ਪ੍ਰੋ ਜਗਮੋਹਨ ਸਿੰਘ,ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੁਟਾਲ ਤੇ ਕੁਲਵੰਤ ਕੌਰ ਸ਼ਾਮਿਲ ਹੋਏ l ਜਗਜੀਤ ਸਿੰਘ ਭੁਟਾਲ ਨੇ ਦਿੱਲੀ ਦੇ ਵਿਖੇ ਭਾਈ ਦਿਆਲਾ ਭਾਈ ਮਤੀਦਾਸ,ਸਤੀਦਾਸ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਇਹਨੂੰ ਮੁਗਲ ਸਮਰਾਟਾਂ ਵਲੋਂ ਜਿਉਣ ਦੇ ਹੱਕ ਤੇ ਹਮਲੇ ਦੀ ਗੱਲ ਕੀਤੀ ਤੇ ਅਜੋਕੇ ਸਮੇਂ ਵਿੱਚ ਫਿਰਕਾਪ੍ਰਸਤ ਤਾਕਤਾਂ ਤੋਂ ਸਾਵਧਾਨ ਰਹਿ ਕੇ ਏਕਤਾ ਉਸਰਨ ਦੀ ਗੱਲ ਨੂੰ ਉਭਰਿਆ l ਪ੍ਰਿੰਸੀਪਲ ਬੱਗਾ ਸਿੰਘ ਨੇ ਆਦਿਵਾਸੀਆਂ ਅਤੇ ਮਾਓਵਾਦੀਆਂ ਤੇ ਅਪ੍ਰੇਸ਼ਨ ਕਾਗਾਰ ਚਲਾ ਕੇ ਫੌਜੀ ਤੇ ਨੀਮ ਫੌਜੀ ਦਸਤਿਆਂ ਵੱਲੋਂ ਕੀਤੇ ਜਾ ਰਹੇ ਕਤਲੇਆਮ ਸਮੇਤ ਹਰ ਤਰ੍ਹਾਂ ਦੇ ਜਬਰ ਦੀ ਨਿੰਦਿਆ ਕਰਦਿਆਂ ਜਮਹੂਰੀ ਹੱਕਾਂ ਦੀ ਲੜਾਈ ਲੜਨ ਤੇ ਜੋਰ ਦਿੱਤਾ l
ਸਕਤਰੇਤ ਮੈਂਬਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਮਤੇ ਪੇਸ਼ ਕਰਦਿਆਂ ਤਾਕਤਾਂ ਦੇ ਕੇਂਦਰੀਕਰਨ,ਸਿੱਖਿਆ ਸਿਲੇਬਸਾਂ ਦੇ ਭਗਵੇਂਕਰਨ,ਵਕਫ ਸੋਧ ਬਿਲ,ਬਿਜਲੀ ਬਿਲ,ਬੀਜ ਬਿੱਲ, ਕਿਰਤ ਕਾਨੂੰਨਾਂ ਚ ਤੇ ਫੌਜਦਾਰੀ ਕਾਨੂੰਨਾਂ ਵਿੱਚ ਕੀਤੀਆਂ ਲੋਕ ਵਿਰੋਧੀ ਤਬਦੀਲੀਆਂ ਅਤੇ ਲਦਾਖ ਦੇ ਆਗੂ ਸੋਨੂ ਵਾਂਗਚੁੱਕ ਤੇ ਲਾਏ ਐਨਐਸਏ ਨੂੰ ਵਾਪਸ ਲੈਣ ਦੀ ਮੰਗ ਕੀਤੀ,ਜੇਲਾਂ ਚ ਬੰਦ ਬਿਨਾਂ ਮੁਕਦਮਾ ਚਲਾਏ ਬੁੱਧੀਜੀਵੀਆਂ ਅਤੇ ਸਿੱਖ ਬੰਦੀਆਂ ਸਮੇਤ ਸਜਾ ਪੂਰੀ ਕਰ ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕਰਨ ਅਤੇ ਨਕਸਲਵਾਦ ਨੂੰ ਖਤਮ ਕਰਨ ਦਾ ਟੀਚਾ ਮਿੱਥ ਕੇ ਆਦਿਵਾਸੀਆਂ ਤੇ ਚਲਾਏ ਜਾ ਰਹੇ ਆਪਰੇਸ਼ਨਾਂ ਨੂੰ ਬੰਦ ਕਰਨਾ ਅਤੇ ਫੌਜਾਂ ਵਾਪਸ ਕੱਢਣ ਦੀ ਮੰਗ ਕੀਤੀ l ਸਭਾ ਦੇ ਮੀਤ ਪ੍ਰਧਾਨ ਪ੍ਰਿੰ ਰਣਜੀਤ ਸਿੰਘ ਨੇ ਧੰਨਵਾਦ ਕੀਤਾ l ਸਟੇਜ ਸਕੱਤਰ ਦੀ ਜਿੰਮੇਵਾਰੀ ਅਵਤਾਰ ਸਿੰਘ ਨੇ ਨਿਭਾਈ l ਇਸ ਮੌਕੇ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਕ ਤੱਕ ਮਾਰਚ ਕੀਤਾ ਗਿਆ।