Babushahi Special ਚੋਣਾਂ ਨੂੰ ਦੇਖਦਿਆਂ MLA ਜਗਰੂਪ ਗਿੱਲ ਨੇ ਝਾੜੀ ‘ਕਚਰਾ ਪਲਾਂਟ ’ ਦੇ ਗੋਂਗਲੂਆਂ ਤੋਂ ਮਿੱਟੀ
ਅਸ਼ੋਕ ਵਰਮਾ
ਬਠਿੰਡਾ, 16 ਮਾਰਚ 2026: ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵਿਧਾਨ ਸਭਾ ’ਚ ਮਾਨਸਾ ਰੋਡ ’ਤੇ ਬਣੇ ਕਚਰਾ ਪਲਾਂਟ ਦਾ ਮੁੱਦਾ ਚੁੱਕਿਆ ਹੈ ਜਿਸ ਨੂੰ ਲੋਕ 4 ਸਾਲ ਚੁੱਪ ਰਹਿਣ ਪਿੱਛੋਂ 2027 ਦੀਆਂ ਸਿਆਸੀ ਲੋੜਾਂ ਤਹਿਤ ਗੋਂਗਲੂਆਂ ਤੋਂ ਮਿੱਟੀ ਝਾੜਨ ਨਾਲ ਜੋੜਕੇ ਦੇਖ ਰਹੇ ਹਨ। ਇੱਥੋਂ ਦੇ ਮਤੀ ਦਾਸ ਨਗਰ, ਜੋਗਾ ਨਗਰ , ਨਛੱਤਰ ਨਗਰ, ਹਰਬੰਸ ਨਗਰ, ਹਾਊਸਫੈੱਡ ਕਾਲੋਨੀ , ਸਿਲਵਰ ਸਿਟੀ, ਗੁਰੂ ਰਾਮ ਦਾਸ ਨਗਰ , ਸ਼ੀਸ਼ ਮਹਿਲ ਤੇ ਗਣਪਤੀ ਐਨਕਲੇਵ ਆਦਿ ਕਲੋਨੀਆਂ ਕੂੜਾ ਡੰਪ ਤੋਂ ਬੁਰੀ ਤਰਾਂ ਪ੍ਰਭਾਵਿਤ ਹਨ। ਸਿਆਸੀ ਲਾਰਿਆਂ ਦਾ ਦਰਦ ਹੰਢਾ ਚੁੱਕੇ ਇਲਾਕੇ ਦੇ ਲੋਕ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਲੋਕ ਆਖਦੇ ਹਨ ਕਿ 2022 ’ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸਰਕਾਰ ਆਉਣ ’ਤੇ ਕਚਰਾ ਪਲਾਂਟ ਸ਼ਿਫਟ ਕਰਨ ਦਾ ਵਾਅਦਾ ਕੀਤਾ ਸੀ ਜੋ 4 ਸਾਲ ਬਾਅਦ ਵੀ ਵਫਾ ਨਹੀਂ ਹੋਇਆ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਪ੍ਰਚਾਰ ਦੌਰਾਨ 9 ਜੂਨ 2022 ਨੂੰ ਆਮ ਆਦਮੀ ਪਾਰਟੀ ਨੇ ਇਸ ਇਲਾਕੇ ’ਚ ਇਕੱਠ ਰੱਖਿਆ ਸੀ ਤਾਂ ਉਦੋਂ ਹਰ ਨੇਤਾ ਨੇ ਇਸ ਗੰਦਗੀ ਦੇ ਢੇਰ ਤੋਂ ਨਿਜਾਤ ਦਿਵਾਉਣ ਬਾਰੇ ਕਿਹਾ ਸੀ। ਆਪ ਉਮੀਦਵਾਰ ਜਗਰੂਪ ਗਿੱਲ ਨੇ ਵੀ ਪਹਿਲ ਦੇ ਅਧਾਰ ’ਤੇ ਮਸਲਾ ਹੱਲ ਕਰਵਾਉਣ ਦਾ ਵਾਅਦਾ ਕੀਤਾ ਸੀ। ਹੂੰਝਾ ਫੇਰ ਜਿੱਤ ਪਿੱਛੋਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਚਰਾ ਪਲਾਂਟ ਪੀੜਤਾਂ ਨੂੰ ਦਿਨ ਫਿਰਨ ਦੀ ਆਸ ਬੱਝੀ ਸੀ ਪਰ ਜਦੋਂ ਕੋਈ ਕਾਰਵਾਈ ਨਾਂ ਹੋਈ ਤਾਂ ਲੋਕਾਂ ਨੇ ਭਾਣਾ ਮੰਨ ਲਿਆ ਸੀ। ਹੁਣ ਵਿਧਾਨ ਸਭਾ ’ਚ ਮਸਲਾ ਉੱਠਣ ਕਾਰਨ ਕਲੋਨੀਆਂ ਦੇ ਜਖਮ ਮੁੜ ਤੋਂ ਹਰੇ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ 2017 ’ਚ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਆਖਦੇ ਸਨ ਕਿ ਕੂੜਾ ਡੰਪ ਚੁਕਾਉਣਾ ਉਨ੍ਹਾਂ ਦੇ ਖੱਬੇ ਹੱਥ ਦਾ ਕੰਮ ਹੈ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਨਪ੍ਰੀਤ ਦੇ ਭਰੋਸੇ ਹਵਾ ਹੁੰਦੇ ਦੇਖੇ ਹਨ ਕਿਉਂਕਿ ਖਜਾਨੇ ਦੀ ਚਾਬੀ ਹੱਥ ਆਉਣ ਦੇ ਬਾਵਜੂਦ ਉਹ ਮਸਲੇ ਦਾ ਹੱਲ ਨਹੀਂ ਕੱਢ ਸਕੇ ਸਨ। ਉਨ੍ਹਾਂ ਕਿਹਾ ਕਿ ਤੱਤਕਾਲੀ ਅਕਾਲੀ ਵਿਧਾਇਕ ਸਰੂਪ ਸਿੰਗਲਾ ਦੇ ਵਾਅਦਿਆਂ ਨਾਲ ਵੀ ਇੰਜ ਹੀ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਹਰੇਕ ਪੰਜਾਬ ਚੋਣਾਂ ਮੌਕੇ ਸਿਆਸੀ ਲੀਡਰਾਂ ਨੇ ਲਾਰੇ ਲਾ ਕੇ ਠੱਗੀ ਮਾਰ ਲਈ ਹੈ। ਇਹ ਕਚਰਾ ਪਲਾਂਟ ਬਾਦਲ ਪ੍ਰੀਵਾਰ ਦੀ ਸੰਸਦ ਮੈਂਬਰ ਨੂੰਹ ਹਰਸਿਮਰਤ ਕੌਰ ਬਾਦਲ ਦਾ ਡਰੀਮ ਪ੍ਰਜੈਕਟ ਸੀ ਜਿਸ ਲਈ ਕੰਪਨੀ ਨੂੰ ਕੌਡੀਆਂ ਦੇ ਭਾਅ ਜਮੀਨ ਦਿੱਤੀ ਗਈ ਸੀ। ਇਸ ਪ੍ਰਜੈਕਟ ਦਾ ਆਮ ਲੋਕਾਂ ਦੇ ਨਾਲ ਨਾਲ ਅਕਾਲੀ ਕੌਂਸਲਰਾਂ ਨੇ ਵੀ ਵਿਰੋਧ ਕੀਤਾ ਸੀ ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ ਸੀ। ਬਠਿੰਡਾ ਪੁਲਿਸ ਨੇ ਤਾਂ ਪ੍ਰਜੈਕਟ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਕੇਸ ਵੀ ਦਰਜ ਕਰ ਦਿੱਤੇ ਸਨ।
ਮਾਮਲਾ ਕੌਮੀ ਗਰੀਨ ਟਿ੍ਰਬਿਊਨਲ ਤੱਕ ਚਲਾ ਗਿਆ ਜਿਸ ਨੇ ਸ਼ਰਤਾਂ ਤਹਿਤ ਸੋਧ ਪਲਾਂਟ ਨੂੰ ਲਾਉਣ ਲਈ ਹਰੀ ਝੰਡੀ ਦਿੱਤੀ ਸੀ। ਨਗਰ ਨਿਗਮ ਨੇ ਕਚਰਾ ਸੋਧ ਪਲਾਂਟ ਵਾਲੀ ਥਾਂ ’ਤੇ ਇਨ੍ਹਾਂ ਸ਼ਰਤਾਂ ਨੂੰ ਲਾਗੂ ਨਹੀਂ ਕੀਤਾ ਹੈ। ਬਠਿੰਡਾ ਮਾਨਸਾ ਰੋਡ ‘ਤੇ ਦਰਜਨਾਂ ਮੁਹੱਲਿਆਂ ਦੇ ਐਨ ਵਿਚਕਾਰ ਕੂੜਾ ਸੋਧ ਪਲਾਂਟ ਲੱਗਿਆ ਹੈ, ਜਿਸ ਦੇ ਪ੍ਰਦੂਸ਼ਣ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਛੱਡਿਆ ਹੈ। ਪ੍ਰਦੂਸ਼ਣ ਕਾਰਨ ਬਣੀ ਸਥਿਤੀ ਦੀ ਗੰਭੀਰਤਾ ਦਾ ਅੰਦਾਜਾ ਇਸ ਤੋਂ ਲੱਗਦਾ ਹੈ ਕਿ ਕਚਰਾ ਪਲਾਂਟ ਚੋਂ ਨਿਕਲਦੀਆਂ ਗੈਸਾਂ ਕਾਰਨ ਇਸ ਇਲਾਕੇ ’ਚ ਏਸੀ ਵਰਗੀਆਂ ਬਿਜਲੀ ਨਾਲ ਚੱਲਣ ਵਾਲੀਆਂ ਵਸਤਾਂ ਖਰਾਬ ਹੋਣ ਲੱਗੀਆਂ ਹਨ ਜਦੋਂਕਿ ਸ਼ਹਿਰ ’ਚ ਹੋਰ ਕਿਧਰੇ ਇਹ ਸਮੱਸਿਆ ਨਹੀਂ ਹੈ। ਹਾਊਸਫੈਡ ਕਲੋਨੀ ਵਾਸੀ ਕੁਲਦੀਪ ਸਿੰਘ ਨੇ ਅਪ੍ਰੈਲ 2025 ’ਚ ਇਹ ਦਾਅਵਾ ਕਰਦਿਆਂ ਐਨਜੀਟੀ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਇਸ ਸਬੰਧ ’ਚ ਅਧਿਐਨ ਕਰਵਾਉਣ ਲਈ ਪੱਤਰ ਵੀ ਲਿਖਿਆ ਹੈ।
ਸ਼ਰਤਾਂ ਦੀ ਪਾਲਣਾ ਨਹੀਂ:ਜਲਾਲ
ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਹੈ ਕਿ ਨਗਰ ਨਿਗਮ ਅਤੇ ਪ੍ਰਾਈਵੇਟ ਕੰਪਨੀ ਨੇ ਨੈਸ਼ਨਲ ਗਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਾਅਦੇ ਪ੍ਰਤੀ ਪ੍ਰਤੀ ਸੰਜੀਦਾ ਹੈ, ਤਾਂ ਅਮਲੀ ਰੂਪ ਵਿਚ ਕਾਰਵਾਈ ਕਰੇ ਕਿਉਂਕਿ ਕੂੜਾ ਡੰਪ ਦਾ ਪ੍ਰਦੂਸ਼ਣ ਮਾਰੂ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਲੀਡਰਾਂ ਦੇ ਵਾਅਦਿਆਂ ’ਤੇ ਵਿਸ਼ਵਾਸ਼ ਨਹੀਂ ਰਿਹਾ ਹੈ।
ਚੋਣਾਂ ਕਾਰਨ ਆਈ ਯਾਦ: ਸਿੱਧੂ
ਪੀੜਤ ਇਲਾਕੇ ਦੇ ਬਾਸ਼ਿੰਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਚੋਣਾਂ ਨੇੜੇ ਆਉਂਦਿਆਂ ਦੇਖ ਵਿਧਾਇਕ ਨੂੰ ਕਚਰਾ ਪਲਾਂਟ ਦੀ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ 2016 ’ਚ ਕਚਰਾ ਪਲਾਂਟ ਸ਼ਿਫਟ ਕਰਨ ਲਈ ਮਤਾ ਪਾਸ ਕਰ ਦਿੱਤਾ ਸੀ ਜੋ ਵਿਧਾਇਕ ਨੂੰ ਲਾਗੂ ਕਰਵਾਉਣਾ ਚਾਹੀਦਾ ਸੀ ਪਰ ਉਹ ਆਪਣੀ ਜਿੰਮੇਵਾਰੀ ਨਿਭਾਉਣ ’ਚ ਫੇਲ੍ਹ ਰਹੇ ਹਨ।
ਕੋਈ ਵਾਅਦਾ ਨਹੀਂ ਕੀਤਾ :ਗਿੱਲ
ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ 2022 ਚੋਣਾਂ ਮੌਕੇ ਕਚਰਾ ਪਲਾਂਟ ਸ਼ਿਫਟ ਕਰਵਾਉਣ ਦਾ ਕੋਈ ਵਾਅਦਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਕੰਮ ਕਰਵਾਉਣ ਦੀ ਵਚਨਬੱਧਤਾ ਤਹਿਤ ਉਨ੍ਹਾਂ ਇਹ ਮੁੱਦਾ ਵਿਧਾਨ ਸਭਾ ’ਚ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਸ ’ਚ ਸਿਆਸੀ ਲਾਹੇ ਵਾਲੀ ਕੋਈ ਗੱਲ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ।
Click to Follow Babushahi Facebook page →