ਕਬਰਸਤਾਨਾਂ ਦੀ ਜਗ੍ਹਾ ਤੇ ਬਣ ਰਹੇ ਕੂੜਾ ਡੰਪ ਖਿਲਾਫ ਜਬਰਦਸਤ ਵਿਰੋਧ
ਬੀ ਡੀ ਪੀ ਓ ਅਤੇ ਸਰਪੰਚ ਖਿਡਾਫ ਰੱਜ ਕੇ ਕੀਤੀ ਨਾਰੇਬਾਜੀ
ਬੀ ਡੀ ਪੀ ਓ ਅਤੇ ਮਹਿਲਾ ਸਰਪੰਚ ਨੇ ਵੀ ਰੱਖਿਆ ਆਪਣਾ ਪੱਖ
ਰੋਹਿਤ ਗੁਪਤਾ
ਗੁਰਦਾਸਪੁਰ , 10 ਦਸੰਬਰ 2025 :
ਫਤਿਹਗੜ ਚੂੜੀਆਂ ਤੋਂ ਇੰਕ ਕਿਲੋਮੀਟਰ ਦੂਰ ਪਿੰਡ ਬੱਦੋਵਾਲ ਕਲਾਂ ਦੇ ਚੜ੍ਹਦੇ ਪਾਸੇ ਕਬਰਸਤਾਨ ਵਿੱਚ ਬਣੀ ਹੱਡਾਰੋੜੀ ਜਿੱਥੇ ਮਰੇ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ ਤੋਂ ਪਹਿਲਾਂ ਹੀ ਨਾਲ ਲਗਦੇ ਪਿੰਡ ਵਾਸੀ ਬਹੁਤ ਹੀ ਦੁਖੀ ਸਨ ਅਤੇ ਹੁਣ ਬੀ.ਡੀ.ਪੀ.ਓ ਸੁਖਜਿੰਦਰ ਸਿੰਘ ਨਾਲ ਮਿਲ ਕੇ ਮਹਿਲਾ ਸਰਪੰਚ ਵੱਲੋਂ ਕਬਰਸਤਾਨ ਵਿੱਚ ਕੂੜਾ ਡੰਪ ਬਣਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਦੇ ਮਸੀਹ ਭਾਈਚਾਰੇ ਦੇ ਲੋਕਾਂ ਇੱਕਠੇ ਹੋ ਕੇ ਇਸ ਦਾ ਵਿਰੋਧ ਕੀਤਾ ਅਤੇ ਪਿੰਡ ਦੀ ਮਹਿਲਾ ਸਰਪੰਚ ਅਮਨਦੀਪ ਕੌਰ ਅਤੇ ਬੀ ਡੀ ਪੀ ਓ ਸੁਖਜਿੰਦਰ ਸਿੰਘ ਖਿਲਾਫ ਜਮ ਕੇ ਨਾਰੇਬਾਜੀ ਕੀਤੀ। ਮਾਹੋਲ ਤਣਾਅਪੂਰਨ ਹੁੰਦਾ ਵੇਖ ਇਸ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਵੀ ਪੁਲਸ ਮੁਲਾਜਮਾਂ ਨਾਲ ਪਹੁੰਚੇ ਹੋਏ ਸਨ।
ਇਸ ਮੋਕੇ ਮਸੀਹ ਭਾਈਚਾਰੇ ਦੇ ਸ਼ਿੰਦਰਪਾਲ, ਕਸ਼ਮੀਰਾ, ਜਗਦੀਸ਼ ਮਸੀਹ, ਸੁਰਿੰਦਰ ਮਸੀਹ, ਅਕਾਸ਼ ਮਸੀਹ,ਪਾਲਾ ਮਸੀਹ, ਸ਼ੁਕਰ ਮਸੀਹ, ਜੀਵਨ, ਵਿਜੇ, ਰਾਜਾ, ਰਿੰਕੂ, ਵਿੱਕੀ, ਰੋਮੀ ਮਸੀਹ, ਸੋਨੂੰ ਮਸੀਹ, ਰੌਸ਼ਨ, ਨਿੰਮਾ, ਹੀਰਾ ਮਸੀਹ, ਸ਼ਰਮਾਂ ਮਸੀਹ, ਨਾਜਰ ਮਸੀਹ, ਸਾਜਨ ਮਸੀਹ, ਮੰਗਾ ਮਸੀਹ ਨੇ ਕਥਿਤ ਤੋਰ ਤੇ ਸਰਪੰਚ ਅਮਨਦੀਪ ਕੌਰ ਵਿਰੁੱਧ ਭੜਾਸ਼ ਕੱਢਦਿਆਂ ਅਤੇ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਜਗਹਾ ਉਹਨਾਂ ਦੇ ਦਾਦੇ ਪੜਦਾਦਿਆਂ ਤੋਂ ਉਹਨਾਂ ਦੇ ਨਾਮ ਤੇ ਬੋਲਦੀ ਹੈ ਅਤੇ ਕਈ ਸਾਲਾਂ ਤੋਂ ਉਹ ਆਪਣੇ ਮੁਰਦੇ ਇਥੇ ਦਫਨਾਉਂਦੇ ਆ ਰਹੇ ਹਨ। ਸਰਪੰਚ ਬਜਾਏ ਇਸਦੇ ਕਿ ਇਥੋਂ ਹੱਡਾਰੋੜੀ ਸਿਫ਼ਟ ਕਰਕੇ ਪਿੰਡ ਤੋਂ ਦੂਰ ਲੈ ਜਾਣ ਦਾ ਕੋਈ ਚਾਰਾ ਕਰਦੀ ਪਰ ਉਸਨੇ ਉਹਨਾਂ ਦੀ ਜ਼ਿੰਦਗੀ ਹੋਰ ਨਰਕ ਬਣਾਉਂਣ ਲਈ ਇਥੇ ਕੂੜਾ ਡੰਪ ਬਣਾ ਦਿੱਤਾ ਹੈ ਹੁਣ ਉਹ ਆਪਣੇ ਮ੍ਰਿਤਕਾਂ ਨੂੰ ਕਿੱਥੇ ਦਫਨਾਉਂਣਗੇ।
ਉਹਨਾਂ ਸਰਕਾਰੀ ਅਫਸਰਾਂ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਅਫਸਰ ਨਰੇਗਾ ਵਿੱਚ ਕੰਮ ਤਾਂ ਸਾਡੇ ਤੋਂ ਘੱਟ ਪੈਸਿਆਂ ਵਿੱਚ ਕਰਵਾਉਂਦੇ ਹਨ ਪਰ ਕਾਗਜਾਂ ਵਿੱਚ ਨਾਮ ਕੋਈ ਹੋਰ ਬੋਲਦੇ ਹਨ। ਉਹਨਾਂ ਡੀ.ਸੀ.ਸਾਹਿਬ ਗੁਰਦਾਸਪੁਰ, ਅਤੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹੱਡਾਰੋੜੀ ਅਤੇ ਕੂੜਾ ਡੰਪ ਪਿੰਡ ਤੋਂ ਦੂਰ ਰੇਲਵੇ ਲਾਇਨ ਲਾਗੇ ਸਿਫ਼ਟ ਕੀਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਬਦਬੂ ਅਤੇ ਬੀਮਾਰੀਆਂ ਤੋਂ ਰਾਹਤ ਦਵਾਈ ਜਾਵੇ।
ਕੀ ਕਹਿਣਾ ਹੈ ਬੀ.ਡੀ.ਪੀ.ਓ ਦਾ:
ਇਸ ਸੰਬੰਧੀ ਜਦੋਂ ਬੀ.ਡੀ.ਪੀ.ਓ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੌਲਡ ਵੇਸਟ ਸਕੀਮ ਤਹਿਤ ਪਿੰਡ ਦੇ ਕੂੜੇ ਦਾ ਪ੍ਰਬੰਧ ਕਰਨ ਲਈ ਛੇ ਮਹੀਨੇ ਮਹਿਲਾਂ ਇਹ ਪ੍ਰੌਜੈਕਟ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਉਪਰ ਟੀਨਾ ਪਾਉਣ ਵੇਲੇ ਕੁੱਝ ਲੋਕ ਅਚਾਨਕ ਇਸਦਾ ਵਿਰੋਧ ਕਰਨ ਲੱਗ ਪਏ ਹਨ, ਪਰ ਇਹ ਸਰਕਾਰੀ ਕੰਮ ਹੈ ਇਸ ਲਈ ਸਾਨੂੰ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਣੀ ਪਈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ।
ਕੀ ਕਹਿਣਾ ਹੈ ਸਰਪੰਚ ਅਮਨਦੀਪ ਕੌਰ ਦਾ :
ਪਿੰਡ ਦੀ ਆਮ ਆਦਮੀ ਪਾਰਟੀ ਦੀ ਸਰਪੰਚ ਸ੍ਰੀਮਤੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਤਾਂ ਇਸ ਥਾਂ ਦੀ ਚਾਰਦੀਵਾਰੀ ਕਰਕੇ ਹੱਡਾਰੋੜੀ ਅਤੇ ਕੂੜੇ ਨੂੰ ਇੱਕ ਥਾਂ ਤੇ ਸਮੇਟਣ ਦਾ ਪ੍ਰਬੰਧ ਕਰ ਰਹੇ ਹਨ ਪਰ ਕੁੱਝ ਲੋਕ ਜਾਣਬੁੱਝ ਕੇ ਇਸ ਕੰਮ ਵਿੱਚ ਵੀ ਰਾਜਨੀਤੀ ਕਰ ਰਹੇ ਹਨ।