ਫਗਵਾੜਾ ਵਿਖੇ ਸਵਰਨਜੀਤ ਸਵੀ ਨੂੰ ਸਾਹਿਤ ਅਤੇ ਕਲਾ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਕੀਤਾ ਗਿਆ ਸਨਮਾਨਿਤ
ਸਕੇਪ ਸਾਹਿਤਕ ਸੰਸਥਾ ਵੱਲੋਂ "ਸ਼ਬਦ ਸਿਰਜਣਹਾਰੇ -5" ਪੁਸਤਕ ਲੋਕ ਅਰਪਣ ਸਮਾਰੋਹ ਅਤੇ ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ
ਫਗਵਾੜਾ, 1 ਸਤੰਬਰ : ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ, ਪ੍ਰਸਿੱਧ ਕਵੀ,ਚਿੱਤਰਕਾਰ ,ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸਵਰਨਜੀਤ ਸਵੀ ਨੂੰ ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਸਾਹਿਤਕ, ਕਲਾਤਮਕ, ਸੱਭਿਆਚਾਰਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਸਨਮਾਨ ਚਿੰਨ੍ਹ ਅਤੇ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਸਵਰਨਜੀਤ ਸਵੀ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਡਿਜ਼ੀਟਲ ਪਲੇਟਫਾਰਮਾਂ 'ਤੇ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਕਲਾ, ਹਸਤਕਲਾ ਅਤੇ ਲੋਕਧਾਰਾ ਨੂੰ ਦੁਬਾਰਾ ਜਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਾਹ 'ਤੇ ਲਿਆਂਦਾ ਜਾ ਸਕਦਾ ਹੈ ਅਤੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਸ਼ਾਨਦਾਰ ਢੰਗ ਨਾਲ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਮੁੱਦੇ ਉੱਠਾਏ ਅਤੇ ਉਹਨਾਂ ਦੇ ਹੱਲ ਵੀ ਸੁਝਾਏ। ਉਹਨਾਂ ਸਰੋਤਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਸਥਾਨਕ ਤਿਉਹਾਰਾਂ, ਕਹਾਣੀਆਂ ਅਤੇ ਕਲਾ ਨੂੰ ਯੂਨੀਕੋਡ ਰਾਹੀਂ ਇੰਟਰਨੈੱਟ 'ਤੇ ਲਿਆਉਣ, ਤਾਂ ਜੋ ਪੰਜਾਬੀ ਸੱਭਿਆਚਾਰ ਦਾ ਜਾਲ ਵਿਸ਼ਵ ਭਰ ਵਿੱਚ ਫੈਲ ਸਕੇ। ਇਸ ਮੌਕੇ ਉਹਨਾਂ ਵੱਲੋਂ ਸੁੱਖੀ ਬਾਠ ਦੇ ਸਹਿਯੋਗ ਨਾਲ ਸਕੇਪ ਸਾਹਿਤਕ ਸੰਸਥਾ ਵੱਲੋਂ ਸੰਪਾਦਿਤ ਸਾਂਝਾ ਕਾਵਿ-ਸੰਗ੍ਰਹਿ “ਸ਼ਬਦ ਸਿਰਜਣਹਾਰੇ – 5” ਵੀ ਲੋਕ ਅਰਪਣ ਕੀਤਾ ਗਿਆ। ਉਸਤਾਦ ਸ਼ਾਇਰ ਬਲਦੇਵ ਰਾਜ ਕੋਮਲ ਜੀ ਨੇ ਸਵਰਨਜੀਤ ਸਵੀ ਦੀ ਬਹੁਪੱਖੀ ਸ਼ਖ਼ਸੀਅਤ, ਕਲਾ ਵਿੱਚ ਉਹਨਾਂ ਦੇ ਵਿਆਪਕ ਯੋਗਦਾਨ ਅਤੇ ਸਾਹਿਤਕ ਦੇਣ ਨੂੰ ਸਰੋਤਿਆਂ ਦੇ ਸਨਮੁੱਖ ਰੱਖਿਆ।
ਇਸ ਮੌਕੇ ਸ਼ਾਨਦਾਰ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ। ਕਵੀ ਦਰਬਾਰ ਦੌਰਾਨ ਮੋਹਨ ਆਰਟਿਸਟ, ਸ਼ਾਮ ਸਰਗੂੰਦੀ, ਬਲਦੇਵ ਰਾਜ ਕੋਮਲ, ਦਲਜੀਤ ਮਹਿਮੀ ਕਰਤਾਰਪੁਰ, ਕੈਪਟਨ ਦਵਿੰਦਰ ਸਿੰਘ ਜੱਸਲ, ਜਸਵਿੰਦਰ ਫਗਵਾੜਾ, ਬਲਬੀਰ ਕੌਰ ਬੱਬੂ ਸੈਣੀ, ਦੇਵ ਰਾਜ ਦਾਦਰ, ਪ੍ਰਦੀਪ ਤੇਜੇ, ਗੁਰਮੁਖ ਲੋਕਪ੍ਰੇਮੀ, ਸੋਢੀ ਭਾਬਿਆਣਵੀ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਇਹਨਾਂ ਤੋਂ ਇਲਾਵਾ ਸਾਹਿਬਾ ਜੀਟਨ ਕੌਰ, ਹਰਜਿੰਦਰ ਸਿੰਘ ਨਿਆਣਾ, ਸੁਖਦੇਵ ਸਿੰਘ ਗੰਢਵਾਂ, ਸੁਖਦੇਵ ਫਗਵਾੜਾ, ਜੱਸ ਸਰੋਆ, ਸੁਬੇਗ ਸਿੰਘ ਹੰਜਰਾਅ, ਕਰਮਜੀਤ ਸਿੰਘ ਸੰਧੂ, ਸੀਤਲ ਰਾਮ ਬੰਗਾ, ਮਨੋਜ ਫਗਵਾੜਵੀ, ਮਨਜੀਤ ਕੌਰ ਮੀਸ਼ਾ, ਨਾਨਕ ਚੰਦ ਵਿਰਲੀ, ਅਸ਼ੋਕ ਟਾਂਡੀ, ਰਵਿੰਦਰ ਸਿੰਘ ਰਾਏ ਸਮੇਤ ਹੋਰ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਦੀ ਰੌਣਕ ਵਧਾਈ।
ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਸਰਪ੍ਰਸਤ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਪ੍ਰਿੰਸੀਪਲ ਅਨਿਲ ਕੁਮਾਰ ਅਤੇ ਸਵਰਨਜੀਤ ਸਵੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਰਹੇ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਸਭ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਪੰਜਾਬ ਭਵਨ ਸਰੀ ਦੇ ਸੰਚਾਲਕ ਉੱਘੇ ਸਮਾਜ ਸੇਵੀ ਸੁੱਖੀ ਬਾਠ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਹਨਾਂ ਦੇ ਵਿੱਤੀ ਸਹਿਯੋਗ ਨਾਲ 65 ਕਵੀਆਂ ਦਾ ਸਾਂਝਾ ਕਾਵਿ-ਸੰਗ੍ਰਹਿ "ਸ਼ਬਦ ਸਿਰਜਣਹਾਰੇ -5" ਪ੍ਰਕਾਸ਼ਤ ਹੋ ਸਕਿਆ। ਗੁਰਮੁਖ ਲੋਕਪ੍ਰੇਮੀ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦਿਆਂ ਹੜ੍ਹ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨ ਤਾਂ ਜੋ ਆਮ ਲੋਕ ਜਾਨ ਮਾਲ ਦੇ ਨੁਕਸਾਨ ਤੋਂ ਬਚ ਸਕਣ। ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਵੱਲੋਂ ਪ੍ਰਸਿੱਧ ਕਲਾਕਾਰ ਜਸਵਿੰਦਰ ਸਿੰਘ ਭੱਲਾ ਅਤੇ ਉੱਘੇ ਕਵੀ ਤੇ ਗ਼ਜ਼ਲਗੋ ਸਿਰੀ ਰਾਮ ਅਰਸ਼ ਦੇ ਅਚਾਨਕ ਸਦੀਵੀਂ ਵਿਛੋੜਾ ਦੇ ਜਾਣ 'ਤੇ ਸ਼ੋਕ ਮਤਾ ਪਾਸ ਕੀਤਾ ਗਿਆ। ਮੰਚ ਸੰਚਾਲਨ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਕਮਲੇਸ਼ ਸੰਧੂ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਜਪਜੀਤ ਸਿੰਘ, ਸਨੀ, ਹਰਜਿੰਦਰ ਸਿੰਘ ਨਿਆਣਾ ਅਤੇ ਮਨਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਅੰਤ ਵਿੱਚ ਪ੍ਰਧਾਨ ਰਵਿੰਦਰ ਚੋਟ ਨੇ ਸਾਰੇ ਹਾਜ਼ਰ ਕਵੀਆਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
1. ਸਵਰਨਜੀਤ ਸਵੀ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਨੂੰ ਸਨਮਾਨਿਤ ਕਰਨ ਮੌਕੇ ਐਡਵੋਕੇਟ ਐੱਸ.ਐੱਲ.ਵਿਰਦੀ,ਬਲਦੇਵ ਰਾਜ ਕੋਮਲ, ਪ੍ਰਿੰ: ਗੁਰਮੀਤ ਸਿੰਘ ਪਲਾਹੀ,ਰਵਿੰਦਰ ਚੋਟ,ਸਵਰਨਜੀਤ ਸਵੀ,ਕਰਮਜੀਤ ਸਿੰਘ ਸੰਧੂ,ਮਨੋਜ ਫਗਵਾੜਵੀ, ਪ੍ਰਿੰ: ਅਨਿਲ ਕੁਮਾਰ ਅਤੇ ਕਮਲੇਸ਼ ਸੰਧੂ (ਸੱਜੇ ਤੋਂ ਖੱਬੇ)
2. "ਸ਼ਬਦ ਸਿਰਜਣਹਾਰੇ -5" ਪੁਸਤਕ ਲੋਕ ਅਰਪਣ ਕਰਨ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਸਕੇਪ ਸਾਹਿਤਕ ਸੰਸਥਾ ਦੇ ਮੈਂਬਰ ਸਹਿਬਾਨ।