ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਸਮਗਰੀ ਦੀ ਵੰਡ ਨਿਰਵਿਘਨ ਜਾਰੀ
ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਰਾਸ਼ਨ ਕਿੱਟਾਂ, ਸੈਨੇਟਰੀ ਪੈਡਜ਼, ਤਰਪਾਲਾਂ, ਮੱਛਰਦਾਨੀਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਕੀਤੀ ਜਾ ਰਹੀ ਹੈ ਵੰਡ
ਰੋਹਿਤ ਗੁਪਤਾ
ਗੁਰਦਾਸਪੁਰ, 01 ਸਤੰਬਰ - ਜ਼ਿਲ੍ਹਾ ਗੁਰਦਾਸਪੁਰ ਦੇ ਰਾਵੀ ਦਰਿਆ ਨਾਲ ਲੱਗਦੇ ਖੇਤਰਾਂ ਵਿਖੇ ਹੜ੍ਹ ਕਾਰਨ ਪੈਦਾ ਹੋਏ ਹਾਲਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਹਿ ਰਹੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਵੱਖ-ਵੱਖ ਟੀਮਾਂ ਵੱਲੋਂ ਐੱਨ.ਡੀ.ਆਰ.ਐੱਫ਼., ਬੀ.ਐੱਸ.ਐੱਫ. ਤੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਰਾਸ਼ਨ ਕਿੱਟਾਂ, ਸੈਨੇਟਰੀ ਪੈਡਜ਼, ਤਰਪਾਲਾਂ, ਮੱਛਰਦਾਨੀਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੀਵੇਂ ਖੇਤਰਾਂ ਵਿਚ ਰਹਿ ਰਹੇ ਲੋਕਾਂ, ਜੋ ਅਜੇ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ, ਦੇ ਦਰਾਂ ਤੱਕ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਲੋੜੀਂਦੀ ਸਮਗਰੀ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੋਂ ਹੀ ਵੱਖ-ਵੱਖ ਟੀਮਾਂ ਵੱਲੋਂ ਮਕੌੜਾ ਪੱਤਣ, ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮਗਰੀ ਦੀ ਵੰਡ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਰਾਹਤ ਕਾਰਜਾਂ ਵਿੱਚ ਐੱਨ.ਡੀ.ਆਰ.ਐੱਫ. ਦੀਆਂ 6 ਟੀਮਾਂ, ਬੀ.ਐੱਸ.ਐੱਫ. ਦੀ ਇੱਕ ਟੀਮ ਅਤੇ ਭਾਰਤੀ ਫ਼ੌਜ ਦੀਆਂ 4 ਟੀਮਾਂ ਸਹਿਯੋਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਲਗ਼ੀਧਰ ਟਰੱਸਟ ਬੜੂ ਸਾਹਿਬ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹਤ ਕਾਰਜ ਨਿਰਵਿਘਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਫਲੱਡ ਕੰਟਰੋਲ ਰੂਮ ਦੇ ਨੰਬਰ 01874-266376 ਅਤੇ 1800-180-1852 'ਤੇ ਸੰਪਰਕ ਕਰ ਸਕਦੇ ਹਨ।