ਪ੍ਰਸਿੱਧ ਲੇਖਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ ਪੰਜ ਤੱਤਾਂ 'ਚ ਵਲੀਨ
- ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਚਿਖਾ ਨੂੰ ਅਗਨੀ ਵਿਖਾਈ
- ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ
ਅੰਮ੍ਰਿਤਸਰ:- 31 ਅਗਸਤ 2025 - ਪ੍ਰਸਿੱਧ ਲੇਖਕ ਤੇ ਸਾਹਿਤਕਾਰ ਸ. ਦਿਲਜੀਤ ਸਿੰਘ ਬੇਦੀ ਦਾ ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਸਟਾਫ ਮੈਂਬਰ ਅਤੇ ਮੁਲਾਜ਼ਮਾਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਗੁਰੂ ਸਾਹਿਬ ਦੇ ਪਾਠ ਦੇ ਨਾਮ ਸਿਮਰਨ ਤੋਂ ਬਾਅਦ ਅਗਨੀ ਨੂੰ ਚਿਖਾ ਵਿਖਾਉਣ ਦੀ ਰਸਮ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਰੁਪਿੰਦਰ ਸਿੰਘ ਬੇਦੀ ਨੇ ਨਿਭਾਈ।
ਇਸ ਮੌਕੇ ਗੱਲਬਾਤ ਕਰਦਿਆਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਜਿਥੇ ਦਿਲਜੀਤ ਸਿੰਘ ਬੇਦੀ ਬੁੱਢਾ ਦਲ ਦੇ ਵਿੱਚ ਬਤੌਰ ਪ੍ਰੈਸ ਸਕੱਤਰ ਆਪਣੀਆਂ ਸੇਵਾਵਾਂ ਨਿਭਾ ਕੇ ਸਦੀਵੀ ਵਿਛੋੜਾ ਦੇ ਗਏ ਹਨ, ਉੱਥੇ ਹੀ ਉਨ੍ਹਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਸਿੰਘ ਬੇਦੀ ਜਿਥੇ ਲੇਖਕ ਸਨ ਉੱਥੇ ਹੀ ਸਾਹਿਤਕ ਖੇਤਰ ਵਿੱਚ ਵੀ ਉਨ੍ਹਾਂ ਨੇ ਅਮੁਲਵਾਨ ਰਚਨਾਵਾਂ ਦਿੱਤੀਆਂ ਉੱਥੇ ਹੀ ਵੱਖ-ਵੱਖ ਅਖਬਾਰਾਂ ਤੇ ਮੈਗਜ਼ਿਨਾਂ ਵਿੱਚ ਉਨ੍ਹਾਂ ਦੇ ਪ੍ਰਕਾਸ਼ਿਤ ਹੁੰਦੇ ਲੇਖ ਸਾਰਿਆਂ ਦਾ ਮਾਰਗਦਰਸ਼ਨ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਦਿਲਜੀਤ ਸਿੰਘ ਬੇਦੀ ਹੋਰਾਂ ਨੇ ਇੱਕ ਦਰਜਨ ਤੋਂ ਵੱਧ ਪੁਸਤਕਾਂ ਵੀ ਦਿੱਤੀਆਂ ਜੋ ਵਡਮੁੱਲਾ ਖਜ਼ਾਨਾ ਤੇ ਸਰਮਾਇਆ ਹਨ। ਬਾਬਾ ਬਲਬੀਰ ਅਕਾਲੀ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਉਹਨਾਂ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਫਲਸਫਾ ਸਾਰਿਆਂ ਨੂੰ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਦੀ ਜੀਵਨ ਜਾਂਚ ਪ੍ਰਦਾਨ ਕਰਦਾ ਹੈ ਗੁਰੂ ਦੇ ਭਾਣੇ ਅੱਗੇ ਆਪਾਂ ਸਾਰੇ ਹੀ ਬੇਵਸ ਹਾਂ ਅਤੇ ਗੁਰੂ ਸਾਹਿਬ ਸ. ਦਿਲਜੀਤ ਸਿੰਘ ਬੇਦੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੇ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ਣ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ. ਦਿਲਜੀਤ ਸਿੰਘ ਬੇਦੀ ਦੇ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ 08 ਸਤੰਬਰ ਨੂੰ ਬਾਅਦ ਦੁਪਹਿਰ 12:00 ਤੋਂ 1:00 ਵਜੇ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਚੇਚੇ ਤੌਰ ਤੇ ਉਨ੍ਹਾਂ ਦੇ ਨਿਜੀ ਸਹਾਇਕ ਸ. ਸਤਬੀਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਅਜੈਬ ਸਿੰਘ ਅਭਿਆਸੀ, ਸਕੱਤਰ ਸ. ਬਿਜੈ ਸਿੰਘ, ਸਾਬਕਾ ਸਕੱਤਰ ਸ. ਰਘੁਬੀਰ ਸਿੰਘ, ਸਾਬਕਾ ਸਕੱਤਰ ਸ. ਕਰਨਬੀਰ ਸਿੰਘ, ਸ. ਕੁਲਦੀਪ ਸਿੰਘ ਬਾਵਾ, ਸ. ਰਜਿੰਦਰ ਸਿੰਘ ਰੂਬੀ ਮੈਨੇਜਰ, ਸ. ਇੰਦਰਜੀਤ ਸਿੰਘ ਬਾਸਰਕੇ, ਚੀਫ ਖਾਲਸਾ ਦੀਵਾਨ ਦੇ ਮੈਂਬਰ ਸ. ਰਜਿੰਦਰ ਸਿੰਘ ਮਰਵਾਹਾ, ਮੈਨੇਜਰ ਹਰਬੰਸ ਸਿੰਘ ਮੱਲੀ, ਸ. ਜਸਵੰਤ ਸਿੰਘ ਜੱਸ, ਸ. ਕੰਵਰ ਸਿੰਘ ਬੇਦੀ, ਸ. ਅੰਮ੍ਰਿਤਪਾਲ ਸਿੰਘ, ਸ. ਚਰਨਜੀਤ ਸਿੰਘ, ਸ. ਜੋਗਿੰਦਰਪਾਲ ਸਿੰਘ ਕੁੰਦਰਾ, ਸ. ਰਣਜੀਤ ਸਿੰਘ, ਸ. ਸੁਖਜੀਤ ਸਿੰਘ ਕਨੱਈਆ, ਬਾਬਾ ਗੁਰਮੁਖ ਸਿੰਘ, ਬਾਬਾ ਭਗਤ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਪਰਮਜੀਤ ਸਿੰਘ ਮਹਾਂਕਾਲ, ਬਾਬਾ ਲਛਮਣ ਸਿੰਘ, ਬਾਬਾ ਕਰਮ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਲਖਵੀਰ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਗਗਨਦੀਪ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਸ. ਸਾਹਿਬ ਸਿੰਘ, ਸ. ਮਨੋਜ ਸਿੰਘ ਨੇ ਸਮੂਲੀਅਤ ਕੀਤੀ।