ਨੀਟ ਪ੍ਰੀਖਿਆ ਵਿੱਚ ਸਕੂਲ ਦੇ ਵਿਦਿਆਰਥੀ ਦੀ ਸ਼ਾਨਦਾਰ ਸਫਲਤਾ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 1 ਜੁਲਾਈ 2025:- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਪਟਿਆਲਾ ਦੀ ਵਿਦਿਆਰਥਣ ਤਵਲੀਨ ਕੌਰ ਨੇ ਰਾਸ਼ਟਰੀ ਪੱਧਰ ਦੀ ਨੀਟ (ਨੈਸ਼ਨਲ ਐਲਿਜੀਬਿਲਿਟੀ ਕਮ ਐਂਟ੍ਰੈਂਸ ਟੈਸਟ) ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਸਨੇ ਸਖ਼ਤ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਮਾਰਗਦਰਸ਼ਨ ਅਧੀਨ ਇਹ ਉਪਲਬਧੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਤਵਲੀਨ ਇੱਕ ਬੇਹਤਰੀਨ ਜੂਡੋ ਖਿਡਾਰਨ ਵੀ ਹੈ, ਜਿਸ ਨੇ ਸਪੋਰਟਸ ਵਿੱਚ ਵੀ ਕਈ ਮੱਲਾਂ ਮਾਰੀਆਂ ਹਨ। ਨੀਟ ਪ੍ਰੀਖਿਆ ਦੇ ਨਤੀਜੇ ਹਾਲ ਹੀ ਵਿੱਚ ਜਾਰੀ ਹੋਏ ਸਨ, ਜਿੱਥੇ ਉਨ੍ਹਾਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਮੈਡੀਕਲ ਖੇਤਰ ਵਿੱਚ ਪ੍ਰਵੇਸ਼ ਲਈ ਯੋਗਤਾ ਹਾਸਲ ਕੀਤੀ। ਸਕੂਲ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਵਿਦਿਆਰਥਣ ਅਤੇ ਉਸ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਸਿਰਫ ਵਿਦਿਆਰਥੀ ਦੀ ਨਹੀਂ, ਸਾਰੇ ਸਕੂਲ ਸਟਾਫ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਵਿਸ਼ੇਸ਼ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਲਈ ਜੋ ਵਿਦਿਆਰਥੀਆਂ ਨੂੰ ਸਾਥੀ ਪ੍ਰੋਜੈਕਟ ਰਾਹੀਂ ਤਿਆਰੀ ਕਰਵਾਈ ਗਈ। ਉਹ ਉਹਨਾਂ ਲਈ ਬੜੀ ਲਾਹੇਵੰਦ ਹੋਈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਹੋਰ ਉਲੀਕਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀਆਂ ਦਾ ਭਲਾ ਅਤੇ ਮਾਰਗਦਰਸ਼ਨ ਹੋ ਸਕੇ। ਇਸ ਦੇ ਨਾਲ ਸਕੂਲ ਮੈਨੇਜਮੈਂਟ, ਪੰਚਾਇਤ ਮੈਂਬਰਜ, ਲੈਕਚਰਾਰ ਸੰਗੀਤਾ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਰਾਣੀ ਪਨੇਸਰ, ਇੰਦਰਪਾਲ ਸਿੰਘ ਅਤੇ ਸਮੁੱਚੇ ਸਕੂਲ ਵੱਲੋਂ ਵਿਦਿਆਰਥੀ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਉਤਸ਼ਾਹਤ ਕੀਤਾ ਗਿਆ ਤਾਂ ਕਿ ਉਹ ਇਸ ਤਰ੍ਹਾਂ ਦੀ ਸਫਲਤਾ ਲਈ ਮਿਹਨਤ ਕਰ ਕੇ ਸਕੂਲ, ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।