ਪੰਜਾਬ 'ਚ ਨਵੇਂ ਢੰਗ ਨਾਲ ਮਹਿੰਗੀਆਂ ਗੱਡੀਆਂ ਵੇਚ ਕੇ ਸਰਕਾਰ ਨੂੰ ਚੂਨਾ ਲਗਾ ਕੇ ਗਿਰੋਹ ਦਾ ਪਰਦਾਫ਼ਾਸ਼
ਕਮਲਜੀਤ ਸਿੰਘ ਸੰਧੂ
ਬਰਨਾਲਾ, 1 ਜੁਲਾਈ 2025- ਬਰਨਾਲਾ ਪੁਲਿਸ ਵਲੋਂ ਜਾਅਲੀ ਨੰਬਰ ਅਤੇ ਹੋਰ ਦਸਤਾਵੇਜ਼ ਬਦਲ ਕੇ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ 8 ਮਹਿੰਗੀਆਂ ਗੱਡੀਆਂ ਬਰਾਮਦ ਕਰਕੇ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਲੋਂ ਚੋਰੀ, ਐਕਸੀਡੈਂਟਲ ਜਾਂ ਅਧੂਰੀਆਂ ਕਿਸ਼ਤਾਂ ਵਾਲੀਆਂ ਗੱਡੀਆਂ ਦੇ ਦਸਤਾਵੇਜ਼, ਗੱਡੀਆਂ ਦੇ ਚਾਸੀ ਅਤੇ ਇੰਝਨ ਨੰਬਰ ਵਗੈਰਾ ਦੇ ਕਾਗਜ਼ਾਤ ਬਦਲ ਕੇ ਗੱਡੀਆਂ ਨੂੰ ਅੱਗੇ ਵੇਚ ਦਿੱਤਾ ਜਾਦਾ ਸੀ। ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਦੀ ਪੁਲਿਸ ਵਲੋਂ ਇੱਕ ਨਾਕਾਬੰਦੀ ਦੌਰਾਨ ਕਾਬੂ ਕੀਤੀ ਗੱਡੀ ਤੋਂ ਬਾਅਦ ਇਸ ਗਿਰੋਹ ਦਾ ਪਰਦਾਫ਼ਾਸ ਹੋਇਆ ਹੈ। ਪੁਲਿਸ ਨੇ ਹੁਣ ਤੱਕ ਗਿਰੋਹ ਤੋਂ 3 ਤਿੰਨ ਕਰੇਟਾ, ਦੋ ਫਾਰਚੂਨਰ, ਇੱਕ ਥਾਰ, ਇੱਕ ਜ਼ੈਨ ਅਤੇ ਇੱਕ ਵਰਨਾ ਗੱਡੀ ਬਰਾਮਦ ਕੀਤੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ
ਇਸ ਮੌਕੇ ਗੱਲਬਾਤ ਕਰਦਿਆਂ ਐਸਪੀ (ਡੀ) ਬਰਨਾਲਾ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਜਾਅਲੀ ਡਾਕੂਮੈਂਟ ਬਣਾ ਕੇ ਐਕਸੀਡੈਂਟਲ ਅਤੇ ਚੋਰੀ ਦੀਆਂ ਗੱਡੀਆਂ ਦੇ ਕਾਗਜ਼ਾਤ ਬਣਾ ਕੇ ਕੰਮ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਜਿਸ ਵਿੱਚ ਕਈ ਗੱਡੀਆਂ ਜ਼ਬਤ ਕੀਤੀਆਂ ਅਤੇ ਕੁੱਝ ਲੋਕ ਗ੍ਰਿਫ਼ਤਾਰ ਕੀਤੇ ਹਨ। ਉਹਨਾਂ ਦੱਸਿਆ ਕਿ ਬਰਨਾਲਾ ਸੀਆਈਏ ਸਟਾਫ਼ ਦੀ ਟੀਮ ਨੇ ਇੱਕ ਨਾਕਾਬੰਦੀ ਦੌਰਾਨ ਇੱਕ ਚੋਰੀ ਦੀ ਜ਼ੈਨ ਕਾਰ ਬਰਾਮਦ ਕੀਤੀ। ਜਿਸਤੋਂ ਬਾਅਦ ਇਸ ਘਟਨਾ ਦੀ ਅਗਲੀ ਤਫ਼ਤੀਸ਼ ਕਰਦੇ ਹੋਏ ਬਰਨਾਲਾ ਦੇ ਗਰਚਾ ਰੋਡ ਤੇ ਗਲੀ ਵਿੱਚ ਇੱਕ ਥਾਰ ਗੱਡੀ ਬਰਾਮਦ ਹੋਈ। ਇਸਤੋਂ ਬਾਅਦ ਹੋਰ ਕਈ ਗੱਡੀਆਂ ਤਿੰਨ ਕਰੇਟਾ, ਦੋ ਫਾਰਚੂਨਰ ਤੇ ਇੱਕ ਵਰਨਾ ਗੱਡੀਆਂ ਬਰਾਮਦ ਹੋਈਆਂ ਹਨ।
ਹੁਣ ਤੱਕ ਕੁੱਲ 8 ਗੱਡੀਆਂ ਰਿਕਵਰ ਹੋਈਆਂ ਹਨ ਅਤੇ 6 ਮੁਲਜ਼ਮ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਹਨ। ਉਹਨਾਂ ਦੱਸਿਆ ਕਿ ਇਹ ਲੋਕ ਐਕਸੀਡੈਂਟ ਵਿੱਚ ਬਿਲਕੁਲ ਨੁਕਸਾਨੀ ਗੱਡੀ ਦਾ ਨੰਬਰ ਲੈ ਕੇ ਉਸਦੇ ਸਾਰੇ ਦਸਤਾਵੇਜ਼ ਬਣਾ ਕੇ ਕਿਸੇ ਹੋਰ ਗੱਡੀ ਉਪਰ ਲਗਾ ਕੇ ਅੱਗੇ ਵੇਚਦੇ ਸਨ। ਇਸਤੋਂ ਬਿਨ੍ਹਾਂ ਇਹਨਾਂ ਵਲੋਂ ਚੋਰੀ ਹੋਈ ਗੱਡੀਆਂ ਜਾਂ ਜਿਸ ਗੱਡੀ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਸਨ, ਉਹਨਾਂ ਗੱਡੀਆਂ ਦੇ ਇੰਝਣ ਨੰਬਰ, ਚਾਸੀ ਨੰਬਰ ਅਤੇ ਹੋਰ ਦਸਤਾਵੇਜ ਜਾਅਲੀ ਬਣਾ ਕੇ ਅੱਗੇ ਵੇਚਦੇ ਸਨ। ਉਹਨਾਂ ਕਿਹਾ ਕਿ ਇਹ ਸਾਰੀਆਂ ਗੱਡੀਆਂ ਲੱਖਾਂ ਦੀ ਕੀਮਤ ਦੀਆਂ ਹਨ।
ਉਹਨਾਂ ਦੱਸਿਆ ਕਿ ਸਾਰੇ ਮੁਲਜ਼ਮ ਰਿਮਾਂਡ ਉਪਰ ਹਨ, ਜਿਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਗਿਰੋਹ ਇਸ ਤਰ੍ਹਾਂ ਜਾਅਲੀ ਦੋ ਨੰਬਰ ਦਾ ਕੰਮ ਕਰਕੇ ਗਲਤ ਕੰਮ ਕਰ ਰਹੇ ਸਨ, ਉਥੇ ਸਰਕਾਰ ਨੂੰ ਵੀ ਟੈਕਸ ਨਾ ਦੇ ਕੇ ਚੂਨਾ ਲਗਾ ਰਹੇ ਸਨ। ਜਿਸ ਕਰਕੇ ਇਸ ਗਿਰੋਹ ਊਪਰ ਕਾਰਵਾਈ ਕੀਤੀ ਹੈ। ਪੁਲਿਸ ਇਸ ਮਾਮਲੇ ਦੀ ਹੋਰ ਅੱਗੇ ਜਾਂਚ ਕਰ ਰਹੀ ਹੈ ਅਤੇ ਇਹਨਾਂ ਤੋਂ ਅੱਗੇ ਹੋਰ ਗੱਡੀਆਂ ਦੀ ਬਰਾਮਦਗੀ ਅਤੇ ਹੋਰ ਲੋਕਾਂ ਦੇ ਸਾਹਮਣੇ ਆਉਣ ਦੀ ਉਮੀਦ ਹੈ।