ਡੇਰਾਬੱਸੀ: ਕਿਸਾਨ ਜਥੇਬੰਦੀਆਂ ਦੀ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਨਾਲ ਹੋਈ ਮੀਟਿੰਗ-ਹੋਇਆ ਗੰਭੀਰ ਵਿਚਾਰ-ਵਟਾਂਦਰਾ
ਕਿਸਾਨਾਂ ਵੱਲੋਂ ਖੇਤੀਬਾੜੀ ਸਬੰਧੀ ਮੁੱਦੇ ਉਠਾਏ, ਹੱਲ ਲਈ ਮੰਗ ਪੱਤਰ ਸੌਂਪਿਆ
ਡੇਰਾਬੱਸੀ, 1 ਜੁਲਾਈ, 2025: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਡੇਰਾਬੱਸੀ ਹਲਕੇ ਵਿਚ ਕਿਸਾਨ ਜਥੇਬੰਦੀਆਂ ਨਾਲ ਗਹਿਰੀ ਪਲੇਠੀ ਮੀਟਿੰਗ ਕੀਤੀ। ਇਸ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਆਪਣੀਆਂ ਚਿਰਕਾਲੀ ਸਮੱਸਿਆਵਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ। ਉਨ੍ਹਾਂ ਨੇ ਹਰਿਆਣਾ ਵਿਚ ਕਿਸਾਨਾਂ ਨੂੰ ਮਿਲ ਰਹੀਆਂ ਵਧੀਆ ਸੁਵਿਧਾਵਾਂ ਨਾਲ ਤੁਲਨਾ ਕਰਦਿਆਂ, ਪੰਜਾਬ ਵਿਚ ਮੌਜੂਦਾ ਹਾਲਾਤਾਂ ਨੂੰ ਲੈ ਕੇ ਨਾਖੁਸ਼ੀ ਜ਼ਾਹਰ ਕੀਤੀ।
ਕਿਸਾਨ ਆਗੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਾਈ, ਜਿਨ੍ਹਾਂ ਵਿਚ ਹਰਭਜਨ ਸਿੰਘ ਲਾਲੜੂ ਏਕਤਾ ਉਗਰਾਹਾਂ, ਕਰਮ ਸਿੰਘ ਕਾਰਕੌਰ ਰਾਜੇਵਾਲ, ਗੁਲਜਾਰ ਸਿੰਘ ਟਿਵਾਣਾ, ਅਵਤਾਰ ਸਿੰਘ ਜਵਾਹਰਪੁਰ, ਗੁਰਦਿਆਲ ਸਿੰਘ, ਸੁੱਚਾ ਸਿੰਘ, ਤਰਲੋਕ ਸਿੰਘ, ਜਸਪ੍ਰੀਤ ਸਿੰਘ ਜੱਸੂ, ਜਗਤਾਰ ਸਿੰਘ ਧਨੌਨੀ ਆਦਿ ਸ਼ਾਮਲ ਸਨ।
ਕਿਸਾਨਾਂ ਵੱਲੋਂ ਆਖਿਆ ਗਿਆ ਕਿ ਡੇਰਾਬੱਸੀ ਹਲਕਾ ਹਰਿਆਣਾ ਦੇ ਬਾਰਡਰ ਨਾਲ ਲੱਗਦਾ ਹੋਣ ਕਰਕੇ ਇਹਨਾਂ ਖੇਤਰਾਂ ਵਿਚ ਹਰਿਆਣਾ ਵਾਂਗੂੰ ਪੂਰੀ ਐਮ.ਐਸ.ਪੀ ਅਤੇ ਬਿਨਾਂ ਕੱਟਾਂ ਵਾਲੀ ਫ਼ਸਲ ਵਿਕਰੀ ਦੀ ਆਗਿਆ ਮਿਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਰੱਖੀ ਕਿ ਲਾਲੜੂ ਤੋਂ ਹੰਡੇਸਰਾ ਤੱਕ ਸੀ.ਟੀ.ਯੂ ਬੱਸ ਸੇਵਾਵਾਂ ਮੁੜ ਚਾਲੂ ਕੀਤੀਆਂ ਜਾਣ।
ਕਿਸਾਨ ਜਥੇਬੰਦੀਆਂ ਵੱਲੋਂ ਇਕ ਲਿਖਤੀ ਮੰਗ ਪੱਤਰ ਵੀ ਗੁਰਦਰਸ਼ਨ ਸਿੰਘ ਸੈਣੀ ਨੂੰ ਸੌਂਪਿਆ ਗਿਆ, ਜਿਸ ਵਿਚ ਖੇਤੀਬਾੜੀ ਨਾਲ ਜੁੜੀਆਂ ਮੁੱਖ ਚੁਣੌਤੀਆਂ ਅਤੇ ਲੋਕਲ ਟ੍ਰਾਂਸਪੋਰਟ ਦੀਆਂ ਲੋੜਾਂ ਦਰਜ ਸਨ।
ਸੈਣੀ ਨੇ ਦਿੱਤਾ ਭਰੋਸਾ, ਮਾਮਲੇ ਚੁੱਕੇ ਜਾਣਗੇ ਮੁੱਖ ਮੰਤਰੀ ਕੋਲ
ਗੁਰਦਰਸ਼ਨ ਸਿੰਘ ਸੈਣੀ ਨੇ ਮੀਟਿੰਗ ਦੌਰਾਨ ਆਖਿਆ ਕਿ ਉਹ ਖੁਦ ਕਿਸਾਨ ਪਰਿਵਾਰ ਨਾਲ ਸਬੰਧਤ ਹਨ ਅਤੇ ਕਿਸਾਨਾਂ ਦੀ ਪੀੜ ਨੂੰ ਅੰਦਰੋਂ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮੰਗਾਂ ਨੂੰ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਲੈ ਜਾਇਆ ਜਾਵੇਗਾ ਅਤੇ ਕਿਸਾਨਾਂ ਨਾਲ ਇੱਕ ਸੰਯੁਕਤ ਮੀਟਿੰਗ ਦਾ ਆਯੋਜਨ ਕਰਵਾਇਆ ਜਾਵੇਗਾ, ਤਾਂ ਜੋ ਹੱਲ ਤੇਜ਼ੀ ਨਾਲ ਕੀਤਾ ਜਾ ਸਕੇ।